ਨੈਸ਼ਨਲ ਹਾਈਵੇ ''ਤੇ ਬਣੇ ''ਟਰੱਕ ਲੇਅ ਬਾਈ'' ਦੇ ਉਦਘਾਟਨ ਦੀ ਉਡੀਕ ਵਿਚ ਹਨ ਮੁਸਾਫਰ
Monday, Jun 11, 2018 - 06:33 AM (IST)
ਤਰਨਤਾਰਨ, (ਰਮਨ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਮੌਜੂਦ 'ਟਰੱਕ ਲੇਅ ਬਾਈ' ਦੇ ਉਦਘਾਟਨ ਨਾ ਹੋਣ ਕਾਰਨ ਮੁਸਾਫਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰਨਤਾਰਨ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਨੇੜੇ ਤੇ ਹਰੀਕੇ ਪੱਤਣ ਵਿਖੇ ਵਾਹਨ ਚਾਲਕਾਂ ਦੇ ਆਰਾਮ ਕਰਨ ਲਈ ਬਣਾਏ ਗਏ ਟਰੱਕ ਲੇਅ ਬਾਈ ਜਿੱਥੇ ਵਾਹਨ ਚਾਲਕ ਇਕ ਸਾਈਡ 'ਤੇ ਸੁਰੱਖਿਅਤ ਢੰਗ ਨਾਲ ਰੁਕ ਕੇ ਆਰਾਮ ਕਰਨ ਤੋਂ ਬਾਅਦ ਆਪਣੀ ਮੰਜ਼ਿਲ ਵੱਲ ਵਧ ਸਕਦੇ ਹਨ, ਦੇ ਸ਼ੁਰੂ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰਨ ਢਾਬਿਆਂ ਤੇ ਰੈਸਟਰੈਂਟਾਂ 'ਤੇ ਰੁਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕਿੰਨੀ ਲਾਗਤ ਨਾਲ ਤਿਆਰ ਹੋਇਆ ਹਾਈਵੇ
ਅੰਮ੍ਰਿਤਸਰ-ਮਾਨਾਂਵਾਲਾ ਤੋਂ ਹਰੀਕੇ ਪੱਤਣ ਤੱਕ ਇਸ ਨੈਸ਼ਨਲ ਹਾਈਵੇ ਨੂੰ ਤਿਆਰ ਕਰਨ 'ਚ ਕੁੱਲ 558 ਕਰੋੜ ਰੁਪਏ ਖਰਚ ਆਏ ਹਨ। ਇਸ ਵਿਚ ਵਾਹਨ ਚਾਲਕਾਂ ਨੂੰ ਖੁੱਲ੍ਹੀ ਅਤੇ ਵਧੀਆ ਕਿਸਮ ਦੀਆਂ ਸੜਕਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਜਲਦ ਸ਼ੁਰੂ ਕੀਤਾ ਜਾ ਰਿਹਾ ਟਰੱਕ ਲੇਅ ਬਾਈ
ਨੈਸ਼ਨਲ ਹਾਈਵੇ ਵਿਭਾਗ ਦੇ ਐਕਸੀਅਨ ਐੱਨ. ਪੀ. ਐੱਸ. ਭੰਡਾਲ ਨੇ ਦੱਸਿਆ ਕਿ ਇਸ ਟਰੱਕ ਲੇਅ ਬਾਈ ਨੂੰ ਜਲਦ ਹੀ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਥਾਂ 'ਤੇ ਮੁਸਾਫਰਾਂ ਨੂੰ ਟਾਇਲਟ, ਪਾਣੀ, ਪਾਰਕਿੰਗ, ਢਾਬਾ ਆਦਿ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਢਾਬੇ ਵਾਲੀ ਜਗ੍ਹਾ 'ਤੇ ਲੋਕ ਰੁਕ ਕੇ ਆਪਣਾ ਖਾਣਾ ਖਾ ਸਕਦੇ ਹਨ ਅਤੇ ਆਰਾਮ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਤਰਨਤਾਰਨ ਅਤੇ ਹਰੀਕੇ ਪੱਤਣ ਵਿਖੇ ਦੋ ਟਰੱਕ ਲੇਅ ਬਾਈ ਬਣਾਏ ਗਏ ਹਨ।
ਜਲਦ ਰਿਪੋਰਟ ਲੈ ਸ਼ੁਰੂ ਕਰਵਾਵਾਂਗਾ
ਡੀ. ਸੀ. ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਉਹ ਵਿਭਾਗ ਕੋਲੋਂ ਇਸ ਟਰੱਕ ਲੇਅ ਬਾਈ ਨੂੰ ਜਲਦ ਚਾਲੂ ਕਰਵਾਉਣ ਸਬੰਧੀ ਰਿਪੋਰਟ ਲੈ ਕੇ ਚਾਲੂ ਕਰਨ ਦੇ ਹੁਕਮ ਦੇਣਗੇ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਵਾਹਨ ਚਾਲਕਾਂ ਦੇ ਆਰਾਮ ਕਰਨ ਲਈ ਸਹੂਲਤਾਂ ਸਣੇ ਤਿਆਰ ਕੀਤੀ ਗਈ ਹੈ।
