ਮਾਛੀਵਾੜਾ ਸਾਹਿਬ: ਦੁੱਧ ਦੇ 69 ’ਚੋਂ 27 ਸੈਂਪਲਾਂ ਵਿਚ ਪਾਣੀ ਦੀ ਮਿਲਾਵਟ ਆਈ ਸਾਹਮਣੇ

Thursday, Sep 10, 2026 - 07:36 PM (IST)

ਮਾਛੀਵਾੜਾ ਸਾਹਿਬ: ਦੁੱਧ ਦੇ 69 ’ਚੋਂ 27 ਸੈਂਪਲਾਂ ਵਿਚ ਪਾਣੀ ਦੀ ਮਿਲਾਵਟ ਆਈ ਸਾਹਮਣੇ

ਮਾਛੀਵਾੜਾ ਸਾਹਿਬ (ਟੱਕਰ)- ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਗਿੱਲ ਅਤੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰਾਂ ਨੂੰ ਸ਼ੁੱਧ, ਮਿਆਰੀ ਅਤੇ ਸਾਫ਼ ਦੁੱਧ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਦੁੱਧ ਦੀ ਗੁਣਵੱਤਾ ਜਾਂਚ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਲੁਧਿਆਣਾ ਵੱਲੋਂ ਮਾਛੀਵਾੜਾ ਸ਼ਹਿਰ ਵਿਖੇ ਦੋ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਏ ਗਏ। ਪਹਿਲਾ ਕੈਂਪ ਮਹਾਂਵੀਰ ਕਾਲੋਨੀ ਵਿਖੇ ਲਗਾਇਆ ਗਿਆ, ਜਿਸ ਦੌਰਾਨ ਕੁੱਲ 35 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 11 ਦੁੱਧ ਦੇ ਸੈਂਪਲਾਂ ’ਚ ਪਾਣੀ ਦੀ ਮਾਤਰਾ ਵੱਧ ਪਾਈ ਗਈ। ਇਸੇ ਤਰ੍ਹਾਂ ਦੂਜਾ ਕੈਂਪ ਇੰਦਰਾ ਕਾਲੋਨੀ, ਵਿਖੇ ਲਗਾਇਆ ਗਿਆ, ਜਿਸ ਦੌਰਾਨ ਕੁੱਲ 34 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ 16 ਦੁੱਧ ਦੇ ਸੈਂਪਲਾਂ ਵਿਚ ਪਾਣੀ ਦੀ ਮਾਤਰਾ ਵੱਧ ਪਾਈ ਗਈ। ਦੋਵਾਂ ਕੈਂਪਾਂ ਦੌਰਾਨ ਕੁੱਲ 69 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕਿਸੇ ਵੀ ਦੁੱਧ ਦੇ ਸੈਂਪਲ ’ਚ ਕੋਈ ਹਾਨੀਕਾਰਕ ਰਸਾਇਣ ਨਹੀਂ ਪਾਇਆ ਗਿਆ। ਇਸ ਮੌਕੇ ਵਿਭਾਗ ਵੱਲੋਂ ਡੇਅਰੀ ਇੰਸਪੈਕਟਰ ਅੰਕਿਤ ਕਪੂਰ, ਅਗਮਰੀਤ ਕੌਰ, ਅਨੁਰਾਗਦੀਪ ਕੌਰ ਨੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਸ਼ੁੱਧਤਾ ਅਤੇ ਗੁਣਵੱਤਾ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸ਼ੁੱਧ, ਮਿਆਰੀ ਤੇ ਸਾਫ਼ ਦੁੱਧ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਭਾਗ ਵੱਲੋਂ ਦੁੱਧ ਦੀ ਗੁਣਵੱਤਾ ਦੀ ਜਾਂਚ ਅਤੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਕੈਂਪ ਭਵਿੱਖ ’ਚ ਵੀ ਲਗਾਤਾਰ ਲਗਾਏ ਜਾਣਗੇ।

ਮਿਲਾਵਟੀ ਪਨੀਰ ਦੀ ਵਿਕਰੀ ਵਿਰੁੱਧ ਪ੍ਰਸ਼ਾਸਨ ਅਸਫ਼ਲ

ਮਾਛੀਵਾੜਾ ਸ਼ਹਿਰ ਅਤੇ ਪਿੰਡਾਂ ਵਿਚ ਮਿਲਾਵਟੀ ਪਨੀਰ ਦੀ ਵਿਕਰੀ ਜ਼ੋਰਾਂ ’ਤੇ ਹੈ ਅਤੇ ਪ੍ਰਸਾਸ਼ਨ ਇਸ ਨੂੰ ਨੱਥ ਪਾਉਣ ਵਿਚ ਅਸਫ਼ਲ ਦਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਵਧੀਆ ਤੇ ਸ਼ੁੱਧ ਦੁੱਧ ਦਾ ਰੇਟ 70 ਤੋਂ 75 ਰੁਪਏ ਕਿਲੋ ਹੈ ਅਤੇ ਜੇਕਰ 4 ਤੋਂ 5 ਕਿਲੋ ਦੁੱਧ ਤੋਂ ਪਨੀਰ ਤਿਆਰ ਕੀਤਾ ਜਾਵੇ ਤਾਂ ਉਸ ’ਚੋਂ ਨਿਕਲਣ ਵਾਲਾ 1 ਕਿਲੋ ਪਨੀਰ 300 ਤੋਂ ਰੁਪਏ ਪ੍ਰਤੀ ਕਿਲੋ ਤੋਂ ਘੱਟ ਤਿਆਰ ਨਹੀਂ ਹੁੰਦਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਛੀਵਾੜਾ ਵਿਚ ਇਹ ਮਿਲਾਵਟੀ ਪਨੀਰ ਤਿਆਰ ਕਰਨ ਵਾਲੇ ਜੋ ਜਿਆਦਾਤਰ ਬਾਹਰਲੇ ਇਲਾਕਿਆਂ ’ਚੋਂ ਆਉਂਦੇ ਹਨ ਉਹ ਗੱਡੀਆਂ ਰਾਹੀਂ ਡੇਅਰੀਆਂ ’ਤੇ ਸਸਤਾ ਪਨੀਰ ਦੇ ਜਾਂਦੇ ਹਨ ਅਤੇ ਲੋਕ ਪਨੀਰ ਨੂੰ ਘਰ ਵਿਚ ਤਿਆਰ ਕਰਨ ਦੀ ਬਜਾਏ ਇਹ ਮਿਲਾਵਟੀ ਸਸਤਾ ਨੀਰ ਖਾ ਕੇ ਆਪਣੀ ਸਿਹਤ ਖ਼ਰਾਬ ਕਰ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸਸਤੇ ਮਿਲਾਵਟੀ ਪਨੀਰ ਵਿਚ ਸ਼ੁੱਧ ਦੁੱਧ ਦੀ ਬਜਾਏ ਸੁੱਕਾ ਦੁੱਧ ਤੇ ਹੋਰ ਘਾਤਕ ਕੈਮੀਕਲ ਵੀ ਪਾਏ ਜਾਂਦੇ ਹਨ ਅਤੇ ਇਹ ਘਟੀਆ ਪਨੀਰ ਤਿਆਰ ਕਰਨ ਵਾਲੇ ਲੋਕ ਆਪਣੇ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਪ੍ਰਸਾਸ਼ਨ ਨੂੰ ਜ਼ਰੂਰਤ ਹੈ ਕਿ ਡੇਅਰੀ ਮਾਲਕਾਂ ’ਤੇ ਛੋਟੇ ਮੋਟੇ ਛਾਪੇ ਮਾਰਨ ਦੀ ਬਜਾਏ ਇਹ ਮਿਲਾਵਟੀ ਪਨੀਰ ਤਿਆਰ ਕਰਨ ਵਾਲੀਆਂ ਵੱਡੀਆਂ ਮੱਛੀਆਂ ਨੂੰ ਨੱਥ ਪਾ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ।


author

Anmol Tagra

Content Editor

Related News