ਲੁਧਿਆਣਾ ਵਿਚ ਸਿਹਤ ਵਿਭਾਗ ਦੀ RAID! SOUCE, ਅਚਾਰ ਤੇ ਮੁਰੱਬਾ ਕੀਤਾ ਸੀਲ

Thursday, Sep 10, 2026 - 06:42 PM (IST)

ਲੁਧਿਆਣਾ ਵਿਚ ਸਿਹਤ ਵਿਭਾਗ ਦੀ RAID! SOUCE, ਅਚਾਰ ਤੇ ਮੁਰੱਬਾ ਕੀਤਾ ਸੀਲ

ਲੁਧਿਆਣਾ (ਡੇਵਿਨ): ਮਿਲਾਵਟਖੋਰੀ ਤੇ ਗੰਦਗੀ ਵਿਚ ਖੁਰਾਕੀ ਪਦਾਰਥ ਤਿਆਰ ਕਰਨ ਵਾਲਿਆਂ ਦੇ ਖ਼ਿਲਾਫ਼ ਫ਼ੂਡ ਸੇਫ਼ਟੀ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਵੀਰਵਾਰ ਨੂੰ ਲੁਧਿਆਣਾ ਵਿਚ ਘਰ ਤੋਂ ਚੱਲ ਰਹੀ ਅਚਾਰ, ਮੁਰੱਬਾ, ਸਿਰਕਾ ਤੇ ਸੌਸ ਦੀ ਯੂਨਿਟ ਖ਼ਿਲਾਫ਼ ਕਾਰਵਾਈ ਕੀਤੀ ਗਈ। ਫ਼ੂਡ ਸੇਫ਼ਟੀ ਵਿਭਾਗ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਯੂਨਿਟ ਵਿਚ ਸਾਫ਼-ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਚਲਾਨ ਕੀਤਾ ਗਿਆ। 

ਇਸ ਤੋਂ ਇਲਾਵਾ ਮੌਕੇ ਤੋਂ 3 ਖ਼ੁਰਾਕੀ ਨਮੂਨੇ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਲੈਬੋਰੇਟਰੀ ਵਿਚ ਭੇਜਿਆ ਗਿਆ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ ਗੰਦਗੀ ਵਿਚ ਰੱਖੇ ਗਏ ਅਚਾਰ, ਮੁਰੱਬੇ ਤੇ ਸੌਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਬਾਕੀ ਸਟਾਕ ਨੂੰ ਅੱਗੇ ਦੀ ਜਾਂਚ ਤੇ ਕਾਨੂੰਨੀ ਕਾਰਵਾਈ ਲਈ ਜ਼ਬਤ ਕਰ ਲਿਆ ਗਿਆ ਹੈ। ਵਿਭਾਗ ਮੁਤਾਬਕ, ਜ਼ਬਤ ਕੀਤੇ ਗਏ ਸਟਾਕ ਵਿਚ ਤਕਰੀਬਨ 150 ਪੇਟੀਆਂ ਸੌਸ, 2 ਡਰੰਮ ਮੁਰੱਬਾ ਤੇ 5 ਗੈਲਨ ਸਿਰਕਾ ਸ਼ਾਮਲ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਬੰਧਤ ਵਿਅਕਤੀ ਵੱਲੋਂ ਦੂਜੇ ਸੂਬਿਆਂ ਤੋਂ ਮੰਗਵਾਏ ਜਾ ਰਹੇ ਸਿਰਕੇ, ਮੁਰੱਬੇ ਤੇ ਹੋਰ ਖ਼ੁਰਾਕੀ ਪਦਾਰਥਾਂ ਨੂੰ 'ਜੈ ਠਾਕੁਰ ਜੀ' ਬ੍ਰਾਂਡ ਦੇ ਮਾਰਕੇ ਦੇ ਤਹਿਤ ਪੈਕ ਕੀਤਾ ਜਾ ਰਿਹਾ ਸੀ। ਪੈਕ ਕੀਤੇ ਗਏ ਉਤਪਾਦ ਇਸੇ ਬ੍ਰਾਂਡ ਦੇ ਨਾਂ ਨਾਲ ਬਾਜ਼ਾਰ ਵਿਚ ਵੇਚੇ ਜਾ ਰਹੇ ਸਨ। ਫ਼ੂਡ ਸੇਫਟੀ ਟੀਮ ਵੱਲਓਂ ਪੈਕੇਜਿੰਗ 'ਤੇ ਦਰਜ ਲੇਬਲ, ਬ੍ਰਾਂਡਿੰਗ, ਪੈਕਿੰਗ ਤਾਰੀਖ਼ ਤੇ ਹੋਰ ਲੋੜੀਂਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਤਪਾਦਾਂ ਦੀ ਖਰੀਦ ਦੇ ਸਰੋਤ, ਪੈਕੇਜਿੰਗ ਤੇ ਬਾਜ਼ਾਰ ਵਿਚ ਕੀਤੀ ਜਾ ਰਹੀ ਸਪਲਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਬੰਧਤ ਵਿਅਕਤੀ ਵੱਲੋਂ ਇਹ ਕਾਰੋਬਾਰ ਤਕਰੀਬਨ 6 ਮਹੀਨਿਆਂ ਤੋਂ ਕੀਤਾ ਜਾ  ਰਿਹਾ ਸੀ। ਮੁੱਢਲੀ ਜਾਣਕਾਰੀ ਮੁਤਾਬਕ ਖ਼ੁਰਾਕੀ ਪਦਾਰਥਾਂ ਦੀ ਤਿਆਰੀ ਤੇ ਹੈਂਡਲਿੰਗ ਘਰ ਵਿਚ ਕੀਤੀ ਜਾ ਰਹੀ ਸੀ, ਜਦਕਿ ਪੈਕਿੰਗ  ਦਾ ਕੰਮ ਕਿਸੇ ਹੋਰ ਜਗ੍ਹਾ 'ਤੇ ਕੀਤੇ ਜਾਣ ਸਬੰਧੀ ਜਾਣਕਾਰੀ ਵੀ ਸਾਹਮਣੇ ਆਈ ਹੈ। 

ਵਿਭਾਗ ਵੱਲੋਂ ਯੂਨਿਟ ਦੇ ਫੂਡ ਸੇਫਟੀ ਲਾਇਸੈਂਸ/ਰਜਿਸਟ੍ਰੇਸ਼ਨ, ਪੈਕੇਜਿੰਗ, ਲੇਬਲਿੰਗ, ਬ੍ਰਾਂਡਿੰਗ, ਉਤਪਾਦਾਂ ਦੇ ਸਰੋਤ ਤੇ ਸਪਲਾਈ ਚੇਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ  ਰਹੀ ਹੈ। ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮੌਕੇ ਤੋਂ ਲਏ ਗਏ ਸੈਂਪਲਾਂ ਦੀ ਲੈਬੋਰੇਟਰੀ ਤੋਂ ਜਾਂਚ ਕਰਵਾਈ ਜਾ ਰਹੀ ਹੈ। ਲੈਬ ਦੀ ਰਿਪੋਰਟ ਦੇ ਅਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੰਦਗੀ ਵਿਚ ਖੁਰਾਕੀ ਪਦਾਰਥ ਤਿਆਰ ਜਾਂ ਪੈਕ ਕਰਨ ਅਤੇ ਫ਼ੂਡ ਸੇਫ਼ਟੀ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਖ਼ਿਲਾਫ਼ ਵਿਭਾਗ ਵੱਲੋਂ ਕਾਨੂੰਨ ਮੁਤਾਬਕ ਕਾਰਵਾਈ ਲਗਾਤਾਰ ਜਾਰੀ ਰਹੇਗੀ। 


author

Anmol Tagra

Content Editor

Related News