ਪੰਜਾਬ: ਪਿੰਡ ਵਾਸੀਆਂ ਨੇ ਮਾਈਨਿੰਗ ਮਾਫੀਆ ਦੇ 100 ਦੇ ਕਰੀਬ ਰੋਕ'ਤੇ ਟਰੱਕ, ਭੱਖ ਗਿਆ ਮਾਹੌਲ

Saturday, Sep 05, 2026 - 03:53 PM (IST)

ਪੰਜਾਬ: ਪਿੰਡ ਵਾਸੀਆਂ ਨੇ ਮਾਈਨਿੰਗ ਮਾਫੀਆ ਦੇ 100 ਦੇ ਕਰੀਬ ਰੋਕ'ਤੇ ਟਰੱਕ, ਭੱਖ ਗਿਆ ਮਾਹੌਲ

ਬਮਿਆਲ (ਹਰਜਿੰਦਰ ਸਿੰਘ ਗੋਰਾਇਆ): ਜੰਮੂ-ਕਸ਼ਮੀਰ ਤੋਂ ਰੇਤਾ-ਬਜਰੀ ਨਾਲ ਭਰੇ ਭਾਰੀ ਵਾਹਨਾਂ ਦੇ ਬਮਿਆਲ ਖੇਤਰ ਦੇ ਪਿੰਡਾਂ ਨੂੰ ਜੋੜਨ ਵਾਲੇ ਛੋਟੇ ਰਸਤਿਆਂ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣ ਦੇ ਮਾਮਲੇ ਨੂੰ ਲੈ ਕੇ ਇਲਾਕਾ ਵਾਸੀਆਂ ਦਾ ਰੋਸ ਭੜਕ ਉੱਠਿਆ। ਬੀਤੀ ਰਾਤ ਲੋਕਾਂ ਨੇ ਰੇਤਾ-ਬਜਰੀ ਨਾਲ ਭਰੇ ਵੱਡੀ ਗਿਣਤੀ ਵਿੱਚ ਟਰੱਕਾਂ ਨੂੰ ਰੋਕ ਦਿੱਤਾ। ਇਸ ਦੌਰਾਨ ਮਗਵਾਲ ਮੋੜ ਤੋਂ ਰਮਕਾਲਮਾ ਪਿੰਡ ਤੱਕ ਕਰੀਬ 100 ਟਰੱਕ ਖੜ੍ਹੇ ਰਹਿਣ ਦੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡ 'ਚ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਕਾਂਗਰਸੀ ਤੇ 'ਆਪ' ਆਗੂ ਜ਼ਖਮੀ

ਪ੍ਰਦਰਸ਼ਨਕਾਰੀ ਲੋਕਾਂ ਨੇ ਪੰਜਾਬ ਸਰਕਾਰ, ਪੁਲਸ ਪ੍ਰਸ਼ਾਸਨ ਅਤੇ ਕਥਿਤ ਮਾਈਨਿੰਗ ਮਾਫੀਆ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਇਹ ਵਾਹਨ ਨਿਯਮਾਂ ਅਨੁਸਾਰ ਚੱਲ ਰਹੇ ਹਨ ਅਤੇ ਉਨ੍ਹਾਂ ਕੋਲ ਰੇਤਾ-ਬਜਰੀ ਦੀ ਢੋਆ-ਢੁਆਈ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼ ਮੌਜੂਦ ਹਨ ਤਾਂ ਉਨ੍ਹਾਂ ਨੂੰ ਮੁੱਖ ਮਾਰਗ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣਾ ਚਾਹੀਦਾ ਹੈ। ਲੋਕਾਂ ਨੇ ਸਵਾਲ ਉਠਾਇਆ ਕਿ ਰਾਤ ਸਮੇਂ ਇਨ੍ਹਾਂ ਭਾਰੀ ਵਾਹਨਾਂ ਨੂੰ ਪਿੰਡਾਂ ਦੇ ਛੋਟੇ ਰਸਤਿਆਂ ਰਾਹੀਂ ਕਿਉਂ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਡੇਰਾ ਰਾਧਾ ਸੁਆਮੀ 'ਬਿਆਸ' ਵੱਲੋਂ ਸੰਗਤ ਲਈ ਨਵਾਂ ਟਰੈਫਿਕ ਰੂਟ ਜਾਰੀ

ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਮਗਵਾਲ ਮੋੜ ਤੋਂ ਰਮਕਾਲਮਾ ਅਤੇ ਫਤਿਹਪੁਰ ਵੱਲ ਜਾਣ ਵਾਲੀਆਂ ਸੜਕਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਮੁਤਾਬਕ ਸੜਕਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਆਮ ਰਾਹਗੀਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਬੀਤੇ ਦਿਨ ਰਮਕਾਲਮਾ ਨੇੜੇ ਲਗਾਤਾਰ ਦੋ-ਤਿੰਨ ਸੜਕ ਹਾਦਸੇ ਵਾਪਰੇ, ਜਿਸ ਤੋਂ ਬਾਅਦ ਲੋਕਾਂ ਵਿੱਚ ਰੋਸ ਹੋਰ ਵਧ ਗਿਆ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ

ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਇਹ ਵਾਹਨ ਨਿਯਮਾਂ ਅਨੁਸਾਰ ਆ-ਜਾ ਰਹੇ ਹਨ ਤਾਂ ਇਨ੍ਹਾਂ ਨੂੰ ਛੋਟੇ ਪਿੰਡਾਂ ਵਾਲੇ ਰਸਤਿਆਂ ਦੀ ਬਜਾਏ ਨਿਰਧਾਰਤ ਮੁੱਖ ਮਾਰਗ ਰਾਹੀਂ ਲੰਘਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਜਿਹੜੀਆਂ ਸੜਕਾਂ ਲਗਭਗ 12 ਤੋਂ 20 ਫੁੱਟ ਚੌੜੀਆਂ ਹਨ, ਉਨ੍ਹਾਂ ’ਤੇ 18 ਟਾਇਰਾਂ ਵਾਲੇ ਭਾਰੀ ਟਰੱਕਾਂ ਅਤੇ ਟਰਾਲਿਆਂ ਦੀ ਲਗਾਤਾਰ ਆਵਾਜਾਈ ਨਾਲ ਸੜਕਾਂ ਦੇ ਬੁਨਿਆਦੀ ਢਾਂਚੇ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਾਰੀ ਵਾਹਨਾਂ ਦੀ ਆਵਾਜਾਈ ਸਬੰਧੀ ਨਿਯਮਾਂ ਦੀ ਜਾਂਚ ਕੀਤੀ ਜਾਵੇ, ਵਾਹਨਾਂ ਦੇ ਦਸਤਾਵੇਜ਼ ਅਤੇ ਢੋਆ-ਢੁਆਈ ਨਾਲ ਸਬੰਧਤ ਮਨਜ਼ੂਰੀਆਂ ਦੀ ਤਸਦੀਕ ਕੀਤੀ ਜਾਵੇ ਅਤੇ ਪਿੰਡਾਂ ਦੀਆਂ ਸੜਕਾਂ ਨੂੰ ਹੋ ਰਹੇ ਨੁਕਸਾਨ ਦਾ ਵੀ ਜਾਇਜ਼ਾ ਲਿਆ ਜਾਵੇ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ, ਉਦੋਂ ਤੱਕ ਭਾਰੀ ਵਾਹਨਾਂ ਦੀ ਆਵਾਜਾਈ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News