ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ, ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Tuesday, Apr 28, 2026 - 11:23 AM (IST)

ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ, ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਖੰਨਾ (ਬਿਪਨ): ਖੰਨਾ ਵਿਖੇ ਇਕ ਨਿੱਜੀ ਫੈਕਟਰੀ ਦੇ ਸੈਂਕੜੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਇਹ ਧਰਨਾ ਮੰਜੀ ਸਾਹਿਬ ਦੇ ਨੇੜੇ ਫੈਕਟਰੀ ਦੇ ਬਾਹਰ ਜੀ.ਟੀ. ਰੋਡ 'ਤੇ ਲਗਾਇਆ ਗਿਆ, ਜਿਸ ਕਾਰਨ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਰਹੀ ਅਤੇ ਜਾਮ ਦੀ ਸਥਿਤੀ ਬਣ ਗਈ।

ਜਾਣਕਾਰੀ ਮੁਤਾਬਕ, ਇਹ ਫੈਕਟਰੀ ਇਲਾਕੇ ਦੀ ਸਭ ਤੋਂ ਵੱਡੀਆਂ ਉਦਯੋਗਿਕ ਇਕਾਈਆਂ ਵਿਚੋਂ ਇਕ ਮੰਨੀ ਜਾਂਦੀ ਹੈ, ਜਿੱਥੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਹਨ। ਮਜ਼ਦੂਰਾਂ ਦਾ ਦੋਸ਼ ਹੈ ਕਿ ਫੈਕਟਰੀ ਪ੍ਰਬੰਧਨ ਵੱਲੋਂ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ 8 ਘੰਟੇ ਦੀ ਡਿਊਟੀ ਹੋਣੀ ਚਾਹੀਦੀ ਹੈ, ਪਰ ਉਨ੍ਹਾਂ ਤੋਂ ਜ਼ਬਰਦਸਤੀ 10 ਤੋਂ 11 ਘੰਟੇ ਤੱਕ ਕੰਮ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਘੱਟ ਤਨਖ਼ਾਹ ਦੇਣ ਅਤੇ ਮਜ਼ਦੂਰਾਂ ਨਾਲ ਬਦਸਲੂਕੀ ਕਰਨ ਦੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਹਨ।

PunjabKesari

ਧਰਨੇ ਵਿਚ ਵੱਡੀ ਗਿਣਤੀ ਵਿਚ ਮਹਿਲਾ ਮਜ਼ਦੂਰ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਨੇ ਆਪਣੇ ਹੱਕਾਂ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਉਨ੍ਹਾਂ ਨੇ ਪ੍ਰਬੰਧਨ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।

ਦੂਜੇ ਪਾਸੇ, ਫੈਕਟਰੀ ਪ੍ਰਬੰਧਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮਜ਼ਦੂਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪ੍ਰਬੰਧਨ ਦਾ ਕਹਿਣਾ ਹੈ ਕਿ ਮਾਮਲੇ ਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਹੈ, ਪਰ ਮਜ਼ਦੂਰ ਆਪਣੀਆਂ ਮੰਗਾਂ ’ਤੇ ਅੜੇ ਰਹੇ ਅਤੇ ਜਾਮ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ।

PunjabKesari

ਇਸ ਘਟਨਾ ਕਾਰਨ ਜੀਟੀ ਰੋਡ ’ਤੇ ਕਾਫ਼ੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਖ਼ਬਰ ਲਿਖੇ ਜਾਣ ਤੱਕ ਮਜ਼ਦੂਰਾਂ ਦਾ ਧਰਨਾ ਜਾਰੀ ਸੀ ਅਤੇ ਮਾਮਲੇ ਦੇ ਹੱਲ ਲਈ ਗੱਲਬਾਤ ਜਾਰੀ ਸੀ। ਮਜ਼ਦੂਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਵੱਡੇ ਪੱਧਰ ’ਤੇ ਲੈ ਕੇ ਜਾਣਗੇ, ਜਿਸ ਨਾਲ ਇਲਾਕੇ ਵਿਚ ਹੋਰ ਵੀ ਅਸਰ ਪੈ ਸਕਦਾ ਹੈ।


author

Anmol Tagra

Content Editor

Related News