ਪੰਜਾਬ ਦੇ ਇਸ ਇਲਾਕੇ ''ਚ ਜ਼ੋਰਦਾਰ ਧਮਾਕਾ! ਲੋਕਾਂ ਨੂੰ ਪਈਆਂ ਭਾਜੜਾਂ
Tuesday, Oct 13, 2026 - 12:58 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਸਰਾਫਾ ਬਾਜ਼ਾਰ ਸਥਿਤ ਨਲਕੇ ਵਾਲੀ ਗਲੀ ਵਿਚ ਸੋਮਵਾਰ ਦੇਰ ਰਾਤ ਇਕ ਸ਼ੱਕੀ ਚੀਜ਼ ਨੂੰ ਅੱਗ ਲੱਗਣ ਮਗਰੋਂ ਹੋਏ ਜ਼ੋਰਦਾਰ ਧਮਾਕੇ ਨਾਲ ਪੂਰਾ ਇਲਾਕਾ ਦਹਿਲ ਉੱਠਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਬਣੇ ਕਈ ਮਕਾਨਾਂ ਦੀਆਂ ਕੰਧਾਂ ਵਿਚ ਤਰੇੜਾਂ ਆਉਣ ਦੀ ਗੱਲ ਸਾਹਮਣੇ ਆਈ ਹੈ। ਅਚਾਨਕ ਹੋਏ ਇਸ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਦਹਿਸ਼ਤ ਵਿਚ ਆ ਗਏ ਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਗਲੀ ਵਿਚ ਚਾਰੋ ਪਾਸਿਓਂ ਧੰਆਂ ਉੱਠਦਾ ਵੇਖ ਕੇ ਸਥਾਨਕ ਨਿਵਾਸੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ ਦੇ ਗਵਾਹਾਂ ਮੁਤਾਬਕ, ਘਟਨਾ ਸੋਮਵਾਰ ਰਾਤ ਤਕਰੀਬਨ ਸਾਢੇ 10 ਵਜੇ ਦੀ ਹੈ। ਰੋਜ਼ ਦੀ ਤਰ੍ਹਾਂ ਸਰਾਫ਼ਾ ਬਾਜ਼ਾਰ ਦੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ ਤੇ ਨਲਕੇ ਵਾਲੀ ਗਲੀ ਵਿਚ ਸੁੰਨ ਪਸਰਣ ਲੱਗੀ ਸੀ, ਤਾਂ ਅਚਾਨਕ ਇਕ ਜ਼ੋਰਦਾਰ ਧਮਾਕੇ ਦੀ ਗੂੰਜ ਨਾਲ ਪੂਰੀ ਮੁਹੱਲਾ ਕੰਬ ਉੱਠਿਆ। ਧਮਾਕੇ ਇੰਨਾ ਜ਼ੋਰਦਾਰ ਸੀ ਕਿ ਕਈ ਇਮਾਰਤਾਂ ਦੀਆਂ ਬਾਰੀਆਂ ਹਿੱਲ ਗਈਆਂ ਤੇ ਕੁਝ ਘਰਾਂ ਦੀਆਂ ਕੰਧਾਂ ਵਿਚ ਤਰੇੜਾਂ ਤਕ ਪੈ ਗਈਆਂ। ਧਮਾਕੇ ਦੇ ਤੁਰੰਤ ਬਾਅਦ ਗਲੀ ਵਿਚ ਚਿੱਟਾ ਧੂੰਆਂ ਭਰ ਗਿਆ। ਕਿਸੇ ਵੱਡੀ ਅੱਤਵਾਦੀ ਜਾਂ ਅਪਰਾਧਿਕ ਸਾਜ਼ਿਸ਼ ਦੇ ਖਦਸ਼ੇ ਤੋਂ ਸਹਿਮੇ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਤੇ ਸੜਕਾਂ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
CCTV ਫੁਟੇਜ ਤੋਂ ਖ਼ੁਲਾਸਾ- ਮੁੰਡੇ ਨੇ ਸ਼ੱਕੀ ਚੀਜ਼ ਨੂੰ ਅੱਗ ਲਾ ਕੇ ਕੀਤਾ ਧਮਾਕਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 4 ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਪੁਲਸ ਟੀਮ ਦੇ ਨਾਲ ਤੁਰੰਤ ਮੌਕੇ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਇਕ ਸ਼ੱਕੀ ਨੌਜਵਾਨ ਦੀ ਕਰਤੂਤ ਉਸ ਵਿਚ ਕੈਦ ਮਿਲੀ। ਫੁਟੇਜ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਮੁੰਡਾ ਕੰਨ 'ਤੇ ਫ਼ੋਨ ਲਗਾ ਕੇ ਗੱਲ ਕਰਦਾ ਹੋਇਆ ਨਲਕੇ ਵਾਲੀ ਗਲੀ ਵਿਚ ਦਾਖ਼ਲ ਹੁੰਦਾ ਹੈ। ਉਸ ਨੇ ਇਕ ਕੰਧ ਦੇ ਕੰਢੇ ਸ਼ੱਕੀ ਚੀਜ਼ ਰੱਖੀ ਤੇ ਉਸ ਵਿਚ ਅੱਗ ਲਗਾ ਦਿੱਤੀ ਤੇ ਭੱਜ ਕੇ ਗਲੀ ਤੋਂ ਬਾਹਰ ਚਲਾ ਗਿਆ। ਉਸ ਦੇ ਜਾਂਦਿਆਂ ਹੀ ਜ਼ੋਰਦਾਰ ਧਮਾਕਾ ਹੋ ਗਿਆ।
ਐੱਸ. ਐੱਚ. ਓ. ਹਰਪਾਲ ਸਿੰਘ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ ਹਨ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਧਮਾਕੇ ਵਿਚ ਕਿਸ ਤਰ੍ਹਾਂ ਦੀ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਇਸ ਦੀ ਫੋਰੈਂਸਿਕ ਤੇ ਤਕਨੀਕੀ ਜਾਂਚ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰਦਾਤ ਦੇ ਪਿੱਛੇ ਇਲਾਕੇ ਵਿਚ ਦਹਿਸ਼ਤ ਫ਼ੈਲਾਉਣ ਦਾ ਇਰਾਦਾ ਸੀ ਜਾਂ ਫ਼ਿਰ ਕਿਸੇ ਵਿਅਕਤੀ ਨਾਲ ਕੋਈ ਆਪਸੀ ਰੰਜਿਸ਼ ਦਾ ਮਾਮਲਾ ਹੈ।
ਪੁਲਸ ਟੀਮਾਂ ਹੁਣ ਸਰਾਫ਼ਾ ਬਾਜ਼ਾਰ, ਘੰਟਾ ਘਰ ਤੇ ਆਲੇ-ਦੁਆਲੇ ਦੀਆਂ ਗਲੀਆਂ ਵਿਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਵਿਚ ਜੁਟੀਆਂ ਹਨ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸ਼ੱਕੀ ਨੌਜਾਵਨ ਕਿ ਦਿਸ਼ਾ ਤੋਂ ਆਇਆ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕਿਸ ਵਾਹਨ ਜਾਂ ਰਾਹ ਤੋਂ ਫ਼ਰਾਰ ਹੋਇਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹਰ ਐਂਗਲ ਤੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਸ਼ੱਕੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਸ ਨੂੰ ਛੇਤੀ ਹੀ ਕਾਨੂੰਨ ਦੇ ਸ਼ਿਕੰਜੇ ਵਿਚ ਲਿਆ ਜਾਵੇਗਾ।
