ਲੁਧਿਆਣਾ ਦੇ ਵਪਾਰੀਆਂ ’ਤੇ ਦਰਜ ਪਰਚੇ ਵਾਪਸ ਲਏ ਜਾਣ : ਸਰੀਨ

Sunday, Oct 04, 2026 - 02:23 AM (IST)

ਲੁਧਿਆਣਾ ਦੇ ਵਪਾਰੀਆਂ ’ਤੇ ਦਰਜ ਪਰਚੇ ਵਾਪਸ ਲਏ ਜਾਣ : ਸਰੀਨ

ਲੁਧਿਆਣਾ/ਚੰਡੀਗੜ੍ਹ (ਗੁਪਤਾ, ਖੁੱਲਰ, ਅੰਕੁਰ) - ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਲੁਧਿਆਣਾ ਦੇ ਉਦਯੋਗਪਤੀਆਂ ਤੇ ਵਪਾਰੀਆਂ ’ਤੇ ਪੁਲਸ ਵੱਲੋਂ ਮਾਮਲਾ ਦਰਜ ਕਰਨ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਐੱਫ. ਆਈ. ਆਰ. ਵਾਪਸ ਲੈਣ ਦੀ ਮੰਗ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਤੇ ਵਪਾਰੀਆਂ ਵੱਲੋਂ ਲਗਾਤਾਰ 8 ਤੋਂ 10 ਘੰਟੇ ਲੱਗ ਰਹੇ ਕੱਟਾਂ ਨੂੰ ਲੈ ਕੇ ਰੋਸ-ਪ੍ਰਦਰਸ਼ਨ ਕੀਤਾ ਗਿਆ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨਣ ਦੀ ਥਾਂ ’ਤੇ ਕਰੀਬ 250 ਉਦਯੋਗਪਤੀਆਂ ਤੇ ਵਪਾਰੀਆਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਲੁਧਿਆਣਾ ਦੇ ਪ੍ਰਧਾਨ ਡਾਇੰਗ ਐਸੋਸੀਏਸ਼ਨ ਦੇ ਆਗੂ ਤੇ ਭਾਜਪਾ ਦੇ ਜ਼ਿਲਾ ਇਕਾਈ ਦੇ ਕੈਸ਼ੀਅਰ ਬੌਬੀ ਜਿੰਦਲ, ਜ਼ਿਲਾ ਜਨਰਲ ਸਕੱਤਰ ਸੇਨੂੰ ਚੁੱਘ, ਕੈਲਾਸ਼ ਚੌਧਰੀ, ਮਹੇਸ਼ ਤੇ ਸਤੀਸ਼ ਵੀ ਹਾਜ਼ਰ ਸਨ।

ਸਰੀਨ ਨੇ ਕਿਹਾ ਸੱਤਾ ’ਚ ਆਉਣ ਤੋਂ ਪਹਿਲਾਂ ਕੇਜਰੀਵਾਲ ਨੇ ਟਰੇਡ ਤੇ ਉਦਯੋਗਾਂ ਨੂੰ 24 ਘੰਟੇ ਤੇ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਸੱਤਾ ਦੇ ਨਸ਼ੇ ’ਚ ਚੂਰ ‘ਆਪ’ ਸਰਕਾਰ ਦੁਆਰਾ ਲੰਬੇ ਬਿਜਲੀ ਕੱਟ ਲਾਏ ਜਾ ਰਹੇ ਹਨ ਤੇ ਪ੍ਰਦਰਸ਼ਨ ਕਰਨ ਵਾਲੇ ਉਦਯੋਗਪਤੀਆਂ ਤੇ ਵਪਾਰੀਆਂ ਦੀ ਤਾਨਸ਼ਾਹੀ ਰਵੱਈਏ ਨਾਲ ਆਵਾਜ਼ ਦਬਾਈ ਜਾ ਰਹੀ ਹੈ।

ਸਰੀਨ ਨੇ ਕਿਹਾ ਕਿ ਪੰਜਾਬ ਭਾਜਪਾ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਖੜ੍ਹੀ ਹੈ ਤੇ ਕਿਸੇ ਵੀ ਵਪਾਰੀ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗੀ। ਪੰਜਾਬ ’ਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਨੀਤੀਆ ਕਾਰਨ ਇੰਡਸਟਰੀ ਸੂਬੇ ’ਚੋਂ ਪਲਾਇਨ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਦਯੋਗਪਤੀਆਂ ਤੇ ਵਪਾਰੀਆਂ ਖ਼ਿਲਾਫ਼ ਦਰਜ ਪਰਚੇ ਤੁਰੰਤ ਵਾਪਸ ਲਵੇ ਤੇ ਇੰਡਸਟਰੀ ਨੂੰ ਬਿਨਾਂ ਕੱਟ ਪੂਰਾ ਸਮਾਂ ਬਿਜਲੀ ਸਪਲਾਈ ਦਿੱਤੀ ਜਾਵੇ।
 


author

Inder Prajapati

Content Editor

Related News