ਰੇਲਵੇ ਟ੍ਰੈਕ ’ਤੇ ਮਿਲੇ ਲਵਾਰਿਸ ਬੈਗ ’ਚੋਂ ਨਿਕਲੀਆਂ 7380 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ
Thursday, May 01, 2025 - 12:42 AM (IST)

ਲੁਧਿਆਣਾ (ਗੌਤਮ) - ਜੀ. ਆਰ. ਪੀ. ਦੀ ਟੀਮ ਨੇ ਗਸ਼ਤ ਦੌਰਾਨ ਰੇਲਵੇ ਟ੍ਰੈਕ ਕੋਲੋਂ ਲਾਵਾਰਿਸ ਬੈਗ ’ਚੋਂ 7380 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਕਾਰਵਾਈ ਕਰਦੇ ਹੋਏ ਅਣਪਛਾਤੇ ਨਸ਼ਾ ਸਮੱਗਲਰ ਖਿਲਾਫ ਕੇਸ ਦਰਜ ਕੀਤਾ ਹੈ।
ਐੱਸ. ਪੀ. ਬਲਰਾਮ ਰਾਣਾ ਨੇ ਦੱਸਿਆ ਕਿ ਜੀ. ਆਰ. ਪੀ. ਲੁਧਿਆਣਾ ਦੇ ਇੰਸ. ਪਲਵਿੰਦਰ ਸਿੰਘ ਆਪਣੀ ਟੀਮ ਨਾਲ ਨਸ਼ਾ ਸਮੱਗਲਰਾਂ ਅਤੇ ਅਪਰਾਧਿਕ ਕਿਸਮ ਦੇ ਲੋਕਾਂ ’ਤੇ ਪਾਬੰਦੀ ਲਗਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਗਰਾਓਂ ਪੁਲ ਕੋਲ ਆਊਟਰ ਸਿਗਨਲ ਢੰਡਾਰੀ ਸਾਈਡ ਵੱਲ ਰੇਲਵੇ ਟ੍ਰੈਕ ਕੋਲ ਇਕ ਲਾਵਾਰਸ ਬੈਗ ਪਿਆ ਹੈ।
ਸੂਚਨਾ ਦੇ ਆਧਾਰ ’ਤੇ ਸਬ-ਇੰਸਪੈਕਟਰ ਸਤੀਸ਼ ਕੁਮਾਰ ਨੂੰ ਮੌਕੇ ’ਤੇ ਭੇਜਿਆ ਗਿਆ ਤਾਂ ਉਨ੍ਹਾਂ ਨੇ ਬੈਗ ਕਬਜ਼ੇ ’ਚ ਲੈ ਕੇ ਚੈਕਿੰਗ ਕੀਤੀ ਤਾਂ ਉਸ ’ਚੋਂ 7200 ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਅਤੇ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਟੀਮ ਨੇ ਕਾਫੀ ਸਮੇਂ ਤੱਕ ਇਧਰ-ਓਧਰ ਮੁਲਜ਼ਮ ਦੀ ਭਾਲ ਕੀਤੀ ਅਤੇ ਲੋਕਾਂ ਤੋਂ ਪੁੱਛਗਿਛ ਵੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਨਸ਼ਾ ਸਮੱਗਲਰ ਨੇ ਪੁਲਸ ਪਾਰਟੀ ਦੀ ਚੈਕਿੰਗ ਨੂੰ ਦੇਖਦੇ ਹੋਏ ਚਲਦੀ ਟ੍ਰੇਨ ਤੋਂ ਹੀ ਬੈਗ ਸੁੱਟ ਦਿੱਤਾ ਹੋਵੇ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।