ਪੰਜਾਬ ਦੇ 100 ਪਿੰਡਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ! 30 ਸਾਲਾਂ ਬਾਅਦ ਹੋਣ ਜਾ ਰਿਹਾ ਇਹ ਕੰਮ

Saturday, Dec 27, 2025 - 03:46 PM (IST)

ਪੰਜਾਬ ਦੇ 100 ਪਿੰਡਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ! 30 ਸਾਲਾਂ ਬਾਅਦ ਹੋਣ ਜਾ ਰਿਹਾ ਇਹ ਕੰਮ

ਲੁਧਿਆਣਾ (ਹਿਤੇਸ਼)– ਨਗਰ ਨਿਗਮ ਦੀ ਲਿਮਿਟ ’ਚ 100 ਨਵੇਂ ਪਿੰਡਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਵਿਰੋਧ ਦੇ ਬਾਵਜੂਦ ਪਾਸ ਕਰ ਦਿੱਤਾ ਗਿਆ। ਇਸ ਮੁੱਦੇ ’ਤੇ ਨਗਰ ਨਿਗਮ ਅਫਸਰਾਂ ਵਲੋਂ ਕਈ ਦਿਨ ਪਹਿਲਾਂ ਸਰਵੇ ਕਰ ਕੇ ਰੈਵੇਨਿਊ ਰਿਕਾਰਡ ਦੇ ਆਧਾਰ ’ਤੇ ਰਿਪੋਰਟ ਤਿਆਰ ਕਰ ਲਈ ਗਈ ਸੀ ਪਰ ਜਨਰਲ ਹਾਊਸ ਦੀ ਮੀਟਿੰਗ ਦੇ ਏਜੰਡੇ ਵਿਚ ਇਹ ਪ੍ਰਸਤਾਵ ਸ਼ਾਮਲ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਆਲ ਪਾਰਟੀ ਮੀਟਿੰਗ ਦੌਰਾਨ ਵਿਰੋਧੀ ਧਿਰ ਵਲੋਂ ਸਵਾਲ ਖੜ੍ਹੇ ਕਰਨ ’ਤੇ ਮੇਅਰ ਨੇ ਹੁਣ ਤਿਆਰੀ ਪੂਰੀ ਨਾ ਹੋਣ ਦਾ ਜਵਾਬ ਦਿੱਤਾ ਸੀ ਪਰ ਸ਼ੁੱਕਰਵਾਰ ਨੂੰ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਇਹ ਪ੍ਰਸਤਾਵ ਟੇਬਲ ਆਈਟਮ ਦੇ ਤੌਰ ’ਤੇ ਪੇਸ਼ ਕੀਤਾ ਗਿਆ, ਜਿਸ ਦਾ ਵਿਰੋਧੀ ਖਾਸ ਕਰ ਕੇ ਕਾਂਗਰਸ ਦੇ ਕਈ ਕੌਂਸਲਰਾਂ ਨੇ ਵਿਰੋਧ ਕੀਤਾ ਕਿ ਨਗਰ ਨਿਗਮ ਕੋਲ ਪਹਿਲੇ ਏਰੀਆ ’ਚ ਵਿਕਾਸ ਕਰਵਾਉਣ ਲਈ ਪੂਰੇ ਫੰਡ ਨਹੀਂ ਹਨ ਅਤੇ ਹੁਣ ਵੱਡੀ ਗਿਣਤੀ ਵਿਚ ਨਵੇਂ ਏਰੀਆ ਸ਼ਾਮਲ ਕਰਨ ਤੋਂ ਬਾਅਦ ਉਥੋਂ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੈਸਾ ਕਿਥੋਂ ਆਵੇਗਾ। ਭਾਵੇਂ ਕੁਝ ਕੌਂਸਲਰਾਂ ਨੇ ਦੂਰ ਦੇ ਛੱਡ ਕੇ ਨਾਲ ਲੱਗਦੇ ਪਿੰਡਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਪਰ ਕਮਿਸ਼ਨਰ ਨੇ ਇਸ ਯੋਜਨਾ ਦੇ ਫਾਇਦੇ ਗਿਣਾਏ ਅਤੇ ਮੇਅਰ ਨੇ ਪ੍ਰਸਤਾਵ ਨੂੰ ਪਾਸ ਕਰਨ ਦਾ ਐਲਾਨ ਕਰ ਦਿੱਤਾ।

30 ਸਾਲਾਂ ਬਾਅਦ ਵਧ ਰਹੀ ਨਗਰ ਨਿਗਮ ਦੀ ਹਦੂਦ: ਨਿਗਮ ਕਮਿਸ਼ਨਰ

ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਨੇ ਕਿਹਾ ਕਿ ਨਗਰ ਨਿਗਮ ਦੀ ਲਿਮਿਟ (ਹਦੂਦ) 1995 ਤੋਂ ਬਾਅਦ ਨਹੀਂ ਵਧੀ ਹੈ ਅਤੇ 30 ਸਾਲ ਵਿਚ ਆਬਾਦੀ ਕਾਫੀ ਵਧ ਗਈ ਹੈ, ਜਿਸ ਦੇ ਮੱਦੇਨਜ਼ਰ ਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਭਵਿੱਖ ਦੀ ਪਲਾਨਿੰਗ ਤਹਿਤ ਨਵਾਂ ਏਰੀਆ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਨਾਲ ਨਗਰ ਨਿਗਮ ਨੂੰ ਕਈ ਸੌ ਕਰੋੜ ਦੇ ਰੈਵੇਨਿਊ ਨਾਲ ਕੇਂਦਰ ਤੋਂ ਮਹੱਤਵਪੂਰਨ ਪ੍ਰਾਜੈਕਟਾਂ ਲਈ ਗ੍ਰਾਂਟ ਮਿਲਣ ਦਾ ਰਸਤਾ ਸਾਫ ਹੋ ਜਾਵੇਗਾ। 

14 ਮਿੰਟ ਦੇਰੀ ਨਾਲ ਸ਼ੁਰੂ ਹੋਈ ਮੀਟਿੰਗ, ਅਫਸਰਾਂ ਨੇ ਨਹੀਂ ਮੰਨੇ ਮੌਜੂਦ ਰਹਿਣ ਬਾਰੇ ਕਮਿਸ਼ਨਰ ਦੇ ਹੁਕਮ

ਨਗਰ ਨਿਗਮ ਵਲੋਂ ਮੀਟਿੰਗ ਲਈ 11 ਵਜੇ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਸੀ ਪਰ ਮੇਅਰ ਦੇ ਲੇਟ ਆਉਣ ਦੀ ਵਜ੍ਹਾ ਨਾਲ ਜਨਰਲ ਹਾਊਸ ਦੀ ਮੀਟਿੰਗ 14 ਮਿੰਟ ਦੇਰੀ ਨਾਲ ਸ਼ੁਰੂ ਹੋਈ। ਇਸ ਦੌਰਾਨ ਕਮਿਸ਼ਨਰ ਵਲੋਂ ਹਾਜ਼ਰੀ ਨੂੰ ਲੈ ਕੇ ਜਾਰੀ ਹੁਕਮਾਂ ਦਾ ਅਫਸਰਾਂ ’ਤੇ ਕੋਈ ਅਸਰ ਨਾ ਹੋਣ ਦਾ ਸਬੂਤ ਦੇਖਣ ਨੂੰ ਮਿਲਿਆ, ਕਿਉਂਕਿ ਕਮਿਸ਼ਨਰ ਨੇ ਕਿਸੇ ਮੁਲਾਜ਼ਮ ਨੂੰ 26 ਦਸੰਬਰ ਤੱਕ ਛੁੱਟੀ ਨਾ ਦੇਣ ਸਮੇਤ ਮੀਟਿੰਗ ਵਿਚ ਮੌਜੂਦ ਨਾ ਰਹਿਣ ’ਤੇ ਕਾਰਵਾਈ ਕਰਨ ਦੀ ਚਿਤਾਵਨੀ ਵਾਲਾ ਸਰਕੂਲਰ ਜਾਰੀ ਕੀਤਾ ਸੀ ਪਰ ਇਕ ਮੁੱਦੇ ’ਤੇ ਜਵਾਬ ਲੈਣ ਲਈ ਕਈ ਵਾਰ ਅਾਵਾਜ਼ ਲਗਾਉਣ ਤੋਂ ਬਾਅਦ ਵੀ ਐੱਸ. ਈ. ਸ਼ਾਮ ਲਾਲ ਗੁਪਤਾ, ਐਕਸੀਅਨ ਅਰਵਿੰਦ, ਐੱਸ. ਡੀ. ਓ. ਅਵਤਾਰ ਅਤੇ ਜੇ. ਈ. ਹਾਜ਼ਰ ਨਹੀਂ ਸਨ।

ਦੋਵੇਂ ਮੰਤਰੀ ਨਹੀ ਪੁੱਜੇ, 2 ਵਿਧਾਇਕ ਦੇਰੀ ਨਾਲ ਆਏ ਅਤੇ ਪਹਿਲਾਂ ਚਲੇ ਗਏ

ਜ਼ਿਕਰਯੋਗ ਹੈ ਕਿ ਕੌਂਸਲਰਾਂ ਦੇ ਨਾਲ ਵਿਧਾਇਕ ਵੀ ਜਨਰਲ ਹਾਊਸ ਦੇ ਮੈਂਬਰ ਹਨ ਪਰ ਇਨ੍ਹਾਂ ਤੋਂ ਦੋਵੇਂ ਕੈਬਿਨਟ ਮੰਤਰੀ ਸੰਜੀਵ ਅਰੋੜਾ ਅਤੇ ਹਰਦੀਪ ਮੁੰਡੀਆਂ ਸ਼ੁੱਕਰਵਾਰ ਦੀ ਮੀਟਿੰਗ ਵਿਚ ਨਹੀਂ ਆਏ। ਇਸੇ ਤਰ੍ਹਾਂ 2 ਵਿਧਾਇਕ ਕੁਲਵੰਤ ਸਿੱਧੂ ਦੇਰੀ ਨਾਲ ਆਏ ਅਤੇ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਹੀ ਉੱਠ ਕੇ ਚਲੇ ਗਏ, ਜਦਕਿ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਅਤੇ ਭੋਲਾ ਗਰੇਵਾਲ ਪੂਰਾ ਸਮਾਂ ਮੀਟਿੰਗ ਵਿਚ ਮੌਜੂਦ ਰਹੇ।

ਮਹਿਲਾ ਕੌਂਸਲਰਾਂ ਦੇ ਰਿਸ਼ਤੇਦਾਰਾਂ ਦੀ ਰਹੀ ਭੀੜ

ਜ਼ੋਨਲ ਕਮਿਸ਼ਨਰ ਲੈਵਲ ਦੀ ਮੀਟਿੰਗ ਦੀ ਤਰ੍ਹਾਂ ਜਨਰਲ ਹਾਊਸ ਵਿਚ ਵੀ ਮਹਿਲਾ ਕੌਂਸਲਰਾਂ ਦੇ ਰਿਸ਼ਤੇਦਾਰਾਂ ਦੀ ਭੀੜ ਦੇਖਣ ਨੂੰ ਮਿਲੀ। ਇਹ ਰਿਸ਼ਤੇਦਾਰ ਪਹਿਲਾਂ ਤਾਂ ਮੀਟਿੰਗ ਹਾਲ ਦੇ ਬਾਹਰ ਮੌਜੂਦ ਸਨ ਅਤੇ ਉਨ੍ਹਾਂ ’ਚ ਕਈ ਸੱਤਾਧਾਰੀ ਬਾਅਦ ’ਚ ਮੀਟਿੰਗ ’ਚ ਦਾਖਲ ਹੋਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਵਿਚ ਕੁਝ ਕੁ ਨੇ ਤਾਂ ਇਸ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਵੀ ਕੀਤੀ ਹੈ।


author

Anmol Tagra

Content Editor

Related News