ਭੋਲੇ ਭਾਲੇ ਨੌਜਵਾਨ ਨੂੰ 'ਬੋਲੇ ਸੋਨਿਹਾਲ' ਦਾ ਜੈਕਾਰਾ ਪਿਆ ਮਹਿੰਗਾ, ਪਾਠੀ ਨੇ ਕੀਤੀ ਕੁੱਟਮਾਰ (ਵੀਡੀਓ)
Saturday, Nov 10, 2018 - 03:01 PM (IST)
ਨਾਭਾ (ਪੁਰੀ/ਰਾਹੁਲ)— ਨਾਭਾ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਇਕ ਮੰਦਬੁੱਧੀ ਨੌਜਵਾਨ ਨੂੰ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਲਾਉਣ 'ਤੇ ਡੰਡਿਆਂ ਦੀ ਮਾਰ ਨਸੀਬ ਹੋਈ। ਇਹ ਕਰਤੂਤੂ ਹੋਰ ਕਿਸੇ ਨੇ ਨਹੀਂ ਸਗੋਂ ਪਾਠੀ ਸਿੰਘ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰੂ-ਘਰ ਵਿਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸੋਨੂੰ ਅੱਤਰੀ ਨੇ ਗੁਰੂ-ਘਰ ਵਿਚ ਇਕ ਭੋਗ ਸਮਾਗਮ ਵਿਚ 'ਬੋਲੇ ਸੋ ਨਿਹਾਲ' ਦਾ ਜੈਕਾਰਾ ਲਾ ਦਿੱਤਾ, ਜਿਸ ਤੋਂ ਬਾਅਦ ਗੁਰੂ-ਘਰ ਦਾ ਪਾਠੀ ਸਿੰਘ ਚਿੜ ਗਿਆ ਅਤੇ ਉਕਤ ਨੌਜਵਾਨ ਨੂੰ ਆਪਣੇ ਕਮਰੇ ਵਿਚ ਲੈ ਗਿਆ ਅਤੇ ਸਾਥੀ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ। ਸੋਨੂੰ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਉਧਰ ਦੂਜੇ ਪਾਸੇ ਸਰਕਾਰੀ ਹਸਪਤਾਲ ਵਿਖੇ ਦਾਖਲ ਸੋਨੂੰ ਅੱਤਰੀ ਨੇ ਪੱਤਰਕਾਰਾਂ ਨੂੰ ਆਪ ਬੀਤੀ ਸੁਣਾਈ।
ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਹਰਨੇਕ ਸਿੰਘ ਨੇ ਸੰਪਰਕ ਕਰਨ 'ਤੇ ਜਿਥੇ ਇਸ ਘਟਨਾ ਨੂੰ ਅਤਿ ਮੰਦਭਾਗੀ ਕਰਾਰ ਦਿੱਤਾ ਉਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਕਮੇਟੀ ਮੈਂਬਰਾਂ ਦੀ ਮੀਟਿੰਗ ਬੁਲਾਈ ਹੈ ਅਤੇ ਮੀਟਿੰਗ ਤੋਂ ਬਾਅਦ ਉਕਤ ਪਾਠੀ ਸਿੰਘ 'ਤੇ ਐਕਸ਼ਨ ਲਿਆ ਜਾਵੇਗਾ। ਦੂਜੇ ਪਾਸੇ ਪੁਲਸ ਦੇ ਜਾਂਚ ਅਧਿਕਾਰੀ ਸਾਧਾ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।