ਨਾਭਾ ਸਕਿਓਰਟੀ ਜੇਲ੍ਹ ’ਚ ਹਵਾਲਾਤੀ ਵਲੋਂ ਆਤਮਹੱਤਿਆ ਦੀ ਕੋਸ਼ਿਸ਼

Saturday, Oct 09, 2021 - 04:21 PM (IST)

ਨਾਭਾ ਸਕਿਓਰਟੀ ਜੇਲ੍ਹ ’ਚ ਹਵਾਲਾਤੀ ਵਲੋਂ ਆਤਮਹੱਤਿਆ ਦੀ ਕੋਸ਼ਿਸ਼

ਨਾਭਾ (ਜੈਨ) : ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਹਿਣ ਵਾਲੀ ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਵਿਚ ਇਕ ਹਵਾਲਾਤੀ ਵਲੋਂ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਗਈ ਅਤੇ ਜੇਲ੍ਹ ਮੈਡੀਕਲ ਅਫਸਰ ਨਾਲ ਵੀ ਗਾਲੀਗਲੋਚ ਅਤੇ ਧਮਕੀਆਂ ਦਿੱਤੀਆਂ ਗਈਆਂ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਵਲੋਂ ਦਿੱਤੀ ਗਈ ਸੂਚਨਾ ਅਨੁਸਾਰ ਹਵਾਲਾਤੀ ਅਮਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਚਾਹਲ ਥਾਣਾ ਟਾਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਜੇਲ੍ਹ ਵਿਚ ਨਜ਼ਰਬੰਦ ਹੈ, ਉਸ ਨੇ ਦੁਪਹਿਰ ਸਮੇਂ ਮੈਡੀਕਲ ਅਫਸਰ ਨਾਲ ਗਾਲੀਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਹਵਾਲਾਤੀ ਨੇ ਆਪਣੇ ਸ਼ਰੀਰ ’ਤੇ ਜ਼ਖਮੀ ਕਰਕੇ ਆਤਮਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਸੰਬੰਧੀ ਕੋਤਵਾਲੀ ਪੁਲਸ ਨੂੰ ਜੇਲ੍ਹ ਅਧਿਕਾਰੀਆਂ ਨੇ ਸੂਚਨਾ ਦਿੱਤੀ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਹਵਾਲਾਤੀ ਅਮਨਪ੍ਰੀਤ ਸਿੰਘ ਖ਼ਿਲਾਫ਼ ਧਾਰਾ 294, 186, 506, 509, 411 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਇਸ ਹਵਾਲਾਤੀ ਨੂੰ ਅਦਾਲਤ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਹਿਰਾਸਤ ਵਿਚ ਲਵੇਗੀ ਅਤੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਇਸ ਜੇਲ੍ਹ ਵਿਚ ਪਹਿਲਾਂ ਵੀ ਕਈ ਵਾਰੀ ਹਵਾਲਾਤੀਆਂ ਤੇ ਕੈਦੀਆਂ ਦੀ ਆਪਸ ਵਿਚ ਮਾਰਕੁਟਾਈ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਵਿਰੋਧੀਆਂ ਵਿਚਕਾਰ ਕੁੱਝ ਅਰਸਾ ਪਹਿਲਾਂ ਖੂਨੀ ਝੜਪ ਹੋਈ ਸੀ, ਜਿਸ ਸੰਬੰਧੀ ਕੋਤਵਾਲੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਕਰੋੜਾਂ ਰੁਪਏ ਦਾ ਲੱਗਿਆ ਜੈਮਰ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਮੋਬਾਈਲਾਂ ਤੇ ਨਸ਼ਿਆਂ ਦੀ ਸਪਲਾਈ ਕਾਰਨ ਇਹ ਜੇਲ੍ਹ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਕ ਕੈਦੀ ਕਰਮਜੀਤ ਸਿੰਘ ਨੇ ਕੁੱਝ ਸਮਾਂ ਪਹਿਲਾਂ ਜੇਲ੍ਹ ਪ੍ਰਬੰਧਕਾਂ ’ਤੇ ਦੋਸ਼ ਲਾਇਆ ਸੀ ਕਿ ਚਿੱਟਾ ਨਸ਼ਾ ਵਿਕਵਾਇਆ ਜਾਂਦਾ ਹੈ। ਖਤਰਨਾਕ ਗੈਂਗਸਟਰ ਧੜੱਲੇ ਨਾਲ ਮੋਬਾਇਲ ਇਸਤੇਮਾਲ ਕਰਦੇ ਹਨ। ਗੈਂਗਸਟਰ ਰਾਜਾ ਵਲੋਂ ਜੇਲ੍ਹ ਵਿਚੋਂ ਹੀ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦਾ ਮਾਮਲਾ ਵੀ ਦਰਜ ਹੋ ਚੁੱਕਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਜੇਲ੍ਹ ਦੇ 9 ਸੁਪਰਡੈਂਟ ਵੀ ਤਬਦੀਲ ਹੋਏ ਪਰ ਪ੍ਰਬੰਧਾਂ ਵਿਚ ਕੋਈ ਸੁਧਾਰ ਨਹੀਂ ਹੋ ਸਕਿਆ।


author

Gurminder Singh

Content Editor

Related News