ਵਧੀਆ ਤਨਖ਼ਾਹ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਮਸਕਟ, ਫਿਰ ਅੱਗੇ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
Sunday, Jun 18, 2023 - 01:49 PM (IST)
 
            
            ਨਕੋਦਰ (ਪਾਲੀ)- ਥਾਣਾ ਸਦਰ ਦੇ ਆਧੀਨ ਆਉਂਦੇ ਪਿੰਡ ਗਾਂਧਰਾ ਦੀ ਔਰਤ ਨੂੰ ਚੰਗੀ ਤਨਖ਼ਾਹ ਦਾ ਝਾਂਸਾ ਦੇ ਕੇ ਸ਼ਾਹਕੋਟ ਦੇ ਏਜੰਟ ਪਤੀ-ਪਤਨੀ ਮਸਕਟ ਭੇਜਣ ਉਪਰੰਤ ਫਿਰ ਉਸ ਨੂੰ 1000 ਰਾਇਲ ’ਚ ਅੱਗੇ ਵੇਚ ਦਿੱਤਾ। ਪੀੜਤ ਔਰਤ ਨੂੰ ਵਾਪਸ ਇੰਡੀਆ ਭੇਜਣ ਲਈ 2 ਲੱਖ ਦੀ ਮੰਗ ਕੀਤੀ। ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁਰਬਖ਼ਸ਼ ਕੌਰ ਪਤਨੀ ਲਖਬੀਰ ਸਿੰਘ ਵਾਸੀ ਪਿੰਡ ਗਾਂਧਰਾ ਨਕੋਦਰ ਨੇ ਦੱਸਿਆ ਕਿ ਉਹ ਪੇਪਰ ਮਿੱਲ ’ਚ ਪ੍ਰਾਈਵੇਟ ਨੌਕਰੀ ਕਰਦੀ ਸੀ।
ਉਸ ਨਾਲ ਕੰਮ ਕਰਦੀ ਔਰਤ ਦੀ ਭੈਣ ਬਲਜੀਤ ਕੌਰ ਮਸਕਟ ’ਚ ਕੰਮ ਕਰਦੀ ਸੀ ਅਤੇ ਉਸ ਦੀ ਗੱਲ ਉਸ ਨੇ ਆਪਣੀ ਭੈਣ ਨਾਲ ਕਰਵਾਈ ਕਿ ਉਸ ਨੂੰ ਵੀ (ਮਸਕਟ) ਬੁਲਾ ਲੈਂਦੇ ਹਾਂ ਅਤੇ ਉਸ ਨੇ ਆਪਣੇ ਪਤੀ ਨਾਲ ਗੱਲ ਕੀਤੀ ਅਤੇ ਉਸ ਨੇ ਆਪਣੇ ਪਾਸਪੋਰਟ ਦੀ ਕਾਪੀ ਭੇਜ ਦਿੱਤੀ। ਬਲਜੀਤ ਕੌਰ ਨੇ ਸੀਮਾ ਨਾਮ ਦੀ ਲੜਕੀ ਕੋਲੋਂ ਉਸ ਦਾ ਦੁਬਈ ਦਾ ਵੀਜ਼ਾ ਕਢਵਾ ਦਿੱਤਾ। ਉਹ ਬੀਤੀ 7 ਮਾਰਚ 2023 ਨੂੰ ਦੁਬਈ ਪੁਹੰਚ ਗਈ ਤਾਂ ਕੰਪਨੀ ਵਾਲਿਆਂ ਨੇ ਉਸ ਨੂੰ ਮਸਕਟ ਸੀਮਾ ਪਤਨੀ ਰਿਸ਼ੀ ਥਾਪਰ ਕੋਲ ਭੇਜ ਦਿੱਤਾ, ਜਿੱਥੇ ਬਲਜੀਤ ਕੌਰ ਨੇ ਸੀਮਾ ਨੂੰ 40 ਹਜ਼ਾਰ ਰੁਪਏ, ਵੀਜ਼ਾ ਅਤੇ ਟਿਕਟ ਦਾ ਖ਼ਰਚਾ ਦਿੱਤਾ ਸੀ। ਫਿਰ ਸੀਮਾ ਨੇ ਉਸ ਨੂੰ ਕਿਸੇ ਦੇ ਘਰ ’ਚ ਕੰਮ ’ਤੇ ਲਵਾ ਦਿੱਤਾ ਸੀ।
ਇਹ ਵੀ ਪੜ੍ਹੋ: ਪਿਤਾ ਦਿਵਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਾਂਝੀ ਕੀਤੀ ਭਾਵੁਕ ਪੋਸਟ
ਉਸ ਨੇ ਜਦ ਤਨਖ਼ਾਹ ਦੀ ਮੰਗ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਨੂੰ ਸੀਮਾ ਪਤਨੀ ਰਿਸ਼ੀ ਥਾਪਰ ਨੇ 1000 ਰਾਇਲ ’ਚ ਵੇਚ ਦਿੱਤਾ ਹੈ। ਇਸ ਬਾਰੇ ਉਸ ਨੇ ਸੀਮਾ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਜੇਕਰ ਤੂੰ ਵਾਪਸ ਇੰਡੀਆ ਜਾਣਾ ਹੈ ਤਾਂ 2 ਲੱਖ ਰੁਪਏ ਉਸ ਦੇ ਪਤੀ ਰਿਸ਼ੀ ਥਾਪਰ ਵਾਸੀ ਮੁਹੱਲਾ ਬਾਂਗਵਾਲਾ ਸ਼ਾਹਕੋਟ ਜੋ ਟਰੈਵਲ ਏਜੰਟ ਦਾ ਕੰਮ ਕਰਦਾ ਹੈ, ਨੂੰ ਦੇਣੇ ਪੈਣਗੇ। ਉਸ ਦੇ ਪਤੀ ਲਖਬੀਰ ਸਿੰਘ ਨੇ ਰਿਸ਼ੀ ਥਾਪਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਬਲਜੀਤ ਕੌਰ ਨੇ 40,000 ਰੁਪਏ ਉਸ ਦੀ ਪਤਨੀ ਸੀਮਾ ਨੂੰ ਦੇ ਦਿੱਤੇ ਸਨ ਬਾਕੀ 1 ਲੱਖ 60 ਰੁਪਏ ਹੋਰ ਦਿਓ। ਉਸ ਦੇ ਪਤੀ ਨੇ ਰਿਸ਼ੀ ਥਾਪਰ ਨੂੰ 40 ਹਜ਼ਾਰ ਰੁਪਏ ਦਾ ਚੈੱਕ 1 ਅਤੇ 1 ਲੱਖ 14 ਹਜ਼ਾਰ ਰੁਪਏ ਅਕਾਊਂਟ ’ਚ ਟਰਾਂਸਫ਼ਰ ਕਰ ਦਿੱਤੇ। ਉਹ ਮਸਕਟ ਤੋ ਆਪਣੇ ਘਰ ਪਿੰਡ ਗਾਂਧਰਾ ਆ ਗਈ। ਉਹ ਉਨ੍ਹਾਂ ਤੋਂ 40 ਹਜ਼ਾਰ ਰੁਪਏ ਦੀ ਹੋਰ ਮੰਗ ਕਰ ਰਹੇ ਹਨ। ਸੀਮਾ ਨੇ ਉਸ ਨੂੰ ਚੰਗੀ ਤਨਖਾਹ ਦਾ ਝਾਂਸਾ ਦੇ ਕੇ ਮਸਕਟ ’ਚ ਵੇਚ ਕੇ ਮਾਨਸਿਕ ਤਸੀਹੇ ਦਿੱਤੇ। ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਬਖਸ਼ ਕੌਰ ਪਤਨੀ ਲਖਬੀਰ ਸਿੰਘ ਵਾਸੀ ਪਿੰਡ ਗਾਂਧਰਾ ਨਕੋਦਰ ਦੇ ਬਿਆਨਾਂ ’ਤੇ ਸੀਮਾ ਪਤਨੀ ਰਿਸ਼ੀ ਥਾਪਰ, ਰਿਸ਼ੀ ਥਾਪਰ ਪੁੱਤਰ ਸਰਦਾਰੀ ਲਾਲ ਵਾਸੀਆਨ ਮੁਹੱਲਾ ਬਾਗਵਾਲਾ ਥਾਣਾ ਸ਼ਾਹਕੋਟ ਖ਼ਿਲਾਫ਼ ਧਾਰਾ 370, 370-ਏ, 406, 420 ਆਈ. ਪੀ. ਸੀ. 13 ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ (ਰੈਗੂਲੇਸ਼ਨ) ਐਕਟ 2014 ਤਹਿਤ ਮਾਮਲ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਨਾਲ ਹੈ ਡੀ. ਸੀ. ਵਿਸ਼ੇਸ਼ ਸਾਰੰਗਲ ਦਾ ਪੁਰਾਣਾ ਨਾਤਾ, ਖ਼ਾਸ ਗੱਲਬਾਤ 'ਚ ਦੱਸੀਆਂ ਅਹਿਮ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            