ਮਾਂ-ਪੁੱਤ ਨੂੰ ਕੋਹ-ਕੋਹ ਕੇ ਮਾਰਨ ਵਾਲੇ 24 ਘੰਟਿਆਂ ਅੰਦਰ ਗ੍ਰਿਫ਼ਤਾਰ

Monday, Mar 05, 2018 - 07:22 AM (IST)

ਹੁਸ਼ਿਆਰਪੁਰ (ਅਸ਼ਵਨੀ, ਅਮਰਿੰਦਰ) - ਬੀਤੇ ਸ਼ਨੀਵਾਰ ਸ਼ਹਿਰ ਦੇ ਨਿਊ ਬਸੰਤ ਨਗਰ 'ਚ ਮਾਂ-ਪੁੱਤ ਨੂੰ ਚਾਕੂ ਨਾਲ ਕੋਹ-ਕੋਹ ਕੇ ਮਾਰਨ ਦੇ ਮਾਮਲੇ ਦੇ ਮੁੱਖ ਦੋਸ਼ੀ ਸਮੇਤ 7 ਦੋਸ਼ੀਆਂ ਨੂੰ ਹੁਸ਼ਿਆਰਪੁਰ ਪੁਲਸ ਨੇ ਵਾਰਦਾਤ ਦੇ 24 ਘੰਟਿਆਂ ਅੰਦਰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਅੱਜ ਸ਼ਾਮੀਂ 5 ਵਜੇ ਪੁਲਸ ਲਾਈਨ 'ਚ ਸਾਰੇ ਦੋਸ਼ੀਆਂ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਦੱਸਿਆ ਕਿ ਪੁਲਸ ਨੇ ਕਤਲ ਦੇ ਮੁੱਖ ਦੋਸ਼ੀ ਲਵਪ੍ਰੀਤ ਸਿੰਘ ਉਰਫ ਚੀਨੂੰ ਪੁੱਤਰ ਰਮੇਸ਼ ਕੁਮਾਰ ਨੂੰ ਰਾਤ ਸਮੇਂ ਹੀ ਗੜ੍ਹ²ਸ਼ੰਕਰ ਨੇੜਿਓਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਉਹ ਭੱਜਣ ਦੀ ਤਾਕ ਵਿਚ ਸੀ। ਪੁਲਸ ਨੇ ਇਸ ਦੇ ਨਾਲ ਹੀ ਇਸ ਮਾਮਲੇ 'ਚ ਲੋੜੀਂਦੇ ਦੋਸ਼ੀਆਂ ਰੂਪ ਲਾਲ ਤੇ ਰਮੇਸ਼ ਕੁਮਾਰ ਪੁੱਤਰ ਬਨਾਰਸੀ ਦਾਸ, ਪ੍ਰੇਮ ਲਤਾ ਪਤਨੀ ਰੂਪ ਲਾਲ, ਸੁਰਿੰਦਰ ਕੌਰ ਪਤਨੀ ਰਮੇਸ਼ ਕੁਮਾਰ, ਮਨਜੀਤ ਕੌਰ ਪਤਨੀ ਚੰਨਣ ਸਿੰਘ ਅਤੇ ਚੰਨਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਦੋਹਰੇ ਕਤਲਕਾਂਡ ਲਈ ਵਰਤਿਆ ਚਾਕੂ ਅਜੇ ਤੱਕ ਬਰਾਮਦ ਨਹੀਂ ਹੋਇਆ ਅਤੇ ਵਾਰਦਾਤ ਵਿਚ ਕੌਣ-ਕੌਣ ਸ਼ਾਮਲ ਸਨ, ਸਬੰਧੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੇਕਰ ਪੁਲਸ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਹੋਵੇਗੀ ਤਾਂ ਉਨ੍ਹਾਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਰੇ ਮਾਮਲੇ ਦੀ ਵੈਰੀਫਿਕੇਸ਼ਨ ਅਤੇ ਮਾਨੀਟਰਿੰਗ ਆਈ. ਜੀ. ਜਲੰਧਰ ਵੀ ਕਰ ਰਹੇ ਹਨ।
ਮ੍ਰਿਤਕਾਂ ਦਾ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ
ਇਸੇ ਦੌਰਾਨ ਅੱਜ ਸਿਵਲ ਹਸਪਤਾਲ 'ਚ ਸੀਮਾ ਰਾਣੀ ਸ਼ਰਮਾ (47) ਅਤੇ ਹਰਸ਼ ਸ਼ਰਮਾ (15 ) ਦੀਆਂ ਲਾਸ਼ਾਂ ਦਾ ਪੋਸਟਮਾਰਟਮ ਉਪਰੰਤ ਅੰਤਿਮ ਸੰਸਕਾਰ ਗਮਗੀਨ ਮਾਹੌਲ 'ਚ ਕਰ ਦਿੱਤਾ ਗਿਆ। ਕਤਲਕਾਂਡ ਦੀ ਚਸ਼ਮਦੀਦ ਗਵਾਹ ਨਾਬਾਲਗਾ ਹਿਨਾ ਸ਼ਰਮਾ ਨੂੰ ਕੱਲ ਤੱਕ ਨਹੀਂ ਦੱਸਿਆ ਗਿਆ ਸੀ ਕਿ ਉਸ ਦੀ ਮਾਂ ਤੇ ਭਰਾ ਕਤਲ ਹੋ ਚੁੱਕੇ ਹਨ। ਲਾਸ਼ਾਂ ਘਰ ਲਿਜਾਣ ਤੋਂ ਪਹਿਲਾਂ ਉਸ ਦੇ ਪਿਤਾ ਰਾਜਿੰਦਰ ਸ਼ਰਮਾ ਅਤੇ ਪਰਿਵਾਰਕ ਮੈਂਬਰਾਂ ਨੇ ਬੜੀ ਮੁਸ਼ਕਿਲ ਨਾਲ ਹਿਨਾ ਨੂੰ ਸਮਝਾ-ਬੁਝਾ ਕੇ ਤਿਆਰ ਕੀਤਾ।


Related News