ਉਧਾਰ ਦਿੱਤੇ ਪੈਸੇ ਲੈਣ ਆਈ ਔਰਤ ਦਾ ਕੀਤਾ ਕਤਲ

10/17/2019 7:44:12 PM

ਨੰਗਲ, (ਜ.ਬ.,ਗੁਰਭਾਗ)— ਉਪ ਮੰਡਲ ਦੇ ਪਿੰਡ ਨਿੱਕੂ ਨੰਗਲ 'ਚ ਇਕ ਔਰਤ ਉਧਾਰ ਦਿੱਤੇ ਪੈਸੇ ਮੰਗਣ ਆਈ ਦੀ ਗੁੱਸੇ 'ਚ ਆ ਕੇ ਗਲਾ ਘੁੱਟ ਕੇ ਹੱਤਿਆ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਵਾਰਦਾਤ 'ਚ ਉਕਤ ਔਰਤ ਦੇ ਭਰਾ ਤੇ ਚਾਚੇ ਸਹੁਰੇ ਨੇ ਵੀ ਉਸ ਦਾ ਸਾਥ ਦਿੱਤਾ। ਉਨ੍ਹਾਂ ਨੇ ਲਾਸ਼ ਨੂੰ ਬੋਰੀ 'ਚ ਪਾ ਕੇ ਝਾੜੀਆਂ 'ਚ ਸੁੱਟ ਦਿੱਤਾ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਮ੍ਰਿਤਕ ਔਰਤ ਦੀ ਨੂੰਹ ਇੰਦੂ ਬਾਲਾ ਪਤਨੀ ਰਾਜੀਵ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਸੱਸ ਸਾਬਕਾ ਪੰਚਾਇਤ ਮੈਂਬਰ ਤਾਰਾ ਰਾਣੀ (49) ਪਤਨੀ ਸਤਪਾਲ ਦੇ ਨਾਲ 16 ਅਕਤੂਬਰ ਨੂੰ ਘਰੋਂ ਨੰਗਲ ਸ਼ਹਿਰ 'ਚ ਖਰੀਦਦਾਰੀ ਲਈ ਆਈ ਸੀ। ਕਰੀਬ 2 ਵਜੇ ਉਹ ਆਪਣੇ ਪਿੰਡ ਵਾਪਸ ਪਰਤ ਆਈਆਂ। ਇਸ ਦੇ ਬਾਅਦ ਉਸਦੀ ਸੱਸ ਇਹ ਕਹਿ ਕੇ ਚੱਲੀ ਗਈ ਕਿ ਪਿੰਡ 'ਚ ਕਿਸੇ ਕੋਲੋਂ ਪੈਸੇ ਲੈਣ ਜਾ ਰਹੀ ਹੈ। ਇੰਦੂ ਬਾਲਾ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀ ਤਾਂ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ। ਕਾਫ਼ੀ ਤਲਾਸ਼ ਕਰਨ 'ਤੇ ਵੀ ਜਦੋਂ ਉਹ ਨਹੀਂ ਮਿਲੀ ਤਾਂ ਇਸਦੀ ਸੂਚਨਾ ਨੰਗਲ ਪੁਲਸ ਨੂੰ ਦਿੱਤੀ ਗਈ। ਮ੍ਰਿਤਕ ਔਰਤ ਦਾ ਪਤੀ ਸਤਪਾਲ ਜੋ ਕਿ ਟਰੱਕ ਚਲਾਉਂਦਾ ਹੈ ਤੇ ਉਹ ਸ਼ਹਿਰ 'ਚ ਨਹੀਂ ਸੀ। ਮ੍ਰਿਤਕਾ ਦੇ ਪਤੀ ਸਤਪਾਲ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ।
ਸੂਚਨਾ ਮਿਲਦੇ ਹੀ ਨੰਗਲ ਦੇ ਐੱਸ.ਐੱਚ.ਓ. ਪਵਨ ਕੁਮਾਰ ਦੀ ਅਗਵਾਈ 'ਚ ਇਕ ਟੀਮ ਨੇ ਪਿੰਡ 'ਚ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਔਰਤ ਦੀ ਨੂੰਹ ਦੇ ਦੱਸਣ 'ਤੇ ਉਹ ਉਸ ਘਰ 'ਚ ਗਏ, ਜਿੱਥੇ ਉਸਦੀ ਸੱਸ ਤਾਰਾ ਰਾਣੀ ਪੈਸੇ ਲੈਣ ਗਈ ਸੀ। ਉਕਤ ਘਰ ਦੀ ਮਾਲਕਣ ਤੋਂ ਪੁੱਛ-ਗਿਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ।

ਗੁੱਸੇ 'ਚ ਆ ਕੇ ਵਾਰਦਾਤ ਨੂੰ ਦਿੱਤਾ ਅੰਜਾਮ
ਨੰਗਲ ਦੇ ਡੀ.ਐੱਸ.ਪੀ. ਦਵਿੰਦਰ ਸਿੰਘ ਨੇ ਨੰਗਲ ਥਾਣੇ 'ਚ ਉਕਤ ਕਤਲ ਦੀ ਗੁੱਥੀ ਸੁਲਝਾ ਲੈਣ ਦਾ ਦਾਅਵਾ ਕਰਦੇ ਹੋਏ ਦੱਸਿਆ ਕਿ ਐੱਸ.ਐੱਚ.ਓ. ਪਵਨ ਕੁਮਾਰ ਨੇ ਸੂਚਨਾ ਮਿਲਣ ਦੇ ਤੁਰੰਤ ਬਾਅਦ ਹਰਕਤ 'ਚ ਆਉਂਦੇ ਹੀ ਮਾਮਲੇ ਦੀ ਹਰ ਪਹਿਲੂ ਨਾਲ ਜਾਂਚ ਕਰ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ। ਪੁੱਛ-ਗਿੱਛ 'ਚ ਕਥਿਤ ਮੁਲਜ਼ਮ ਔਰਤ ਨੇ ਦੱਸਿਆ ਕਿ ਸਾਬਕਾ ਪੰਚਾਇਤ ਮੈਂਬਰ ਤਾਰਾ ਰਾਣੀ ਉਨ੍ਹਾਂ ਦੇ ਘਰ 'ਚ ਆ ਕੇ ਆਪਣੇ ਪੈਸੇ ਮੰਗਣ ਲੱਗੀ। ਇਸ ਦੌਰਾਨ ਬਹਿਸ ਹੋਣ 'ਤੇ ਗੱਲ ਹੱਥੋਂਪਾਈ ਤੱਕ ਆ ਗਈ। ਇਸ 'ਤੇ ਘਰ 'ਚ ਬੈਠੇ ਉਸਦੇ ਭਰਾ, ਚਾਚੇ ਸਹੁਰੇ ਅਤੇ ਉਸਨੇ ਗ਼ੁੱਸੇ 'ਚ ਆ ਕੇ ਤਾਰਾ ਰਾਣੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਲਾਸ਼ ਨੂੰ ਬੋਰੀ 'ਚ ਪਾ ਕੇ ਝਾੜੀਆਂ 'ਚ ਸੁੱਟ ਦਿੱਤਾ।
ਡੀ.ਐੱਸ.ਪੀ. ਨੇ ਦੱਸਿਆ ਕਿ ਕਥਿਤ ਔਰਤ ਦੇ ਦੱਸਣ 'ਤੇ ਤਾਰਾ ਰਾਣੀ ਦੀ ਲਾਸ਼ ਨੂੰ ਝਾੜੀਆਂ ਤੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਔਰਤ ਦੇ ਦੱਸਣ 'ਤੇ ਚਾਚੇ ਸਹੁਰੇ ਅਤੇ ਭਰਾ ਨੂੰ ਫੜਨ ਲਈ ਟੀਮਾਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ। ਜਲਦੀ ਹੀ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਮੁਲਜ਼ਮਾਂ ਨੇ ਵਾਪਸ ਕਰਨੇ ਸੀ 14 ਹਜ਼ਾਰ ਰੁਪਏ
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਸਾਬਕਾ ਪੰਚਾਇਤ 'ਚ ਮੈਂਬਰ ਸੀ ਤੇ ਉਹ ਮਨਰੇਗਾ ਦਾ ਕੰਮ ਵੇਖਦੀ ਸੀ। ਮੁਲਜ਼ਮਾਂ ਨੇ ਉਸ ਤੋਂ 19 ਹਜ਼ਾਰ ਰੁਪਏ ਉਧਾਰ ਲਏ ਹੋਏ ਸਨ, ਜਿਸ 'ਚੋਂ 5 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਸਨ ਅਤੇ 14 ਹਜ਼ਾਰ ਰੁਪਏ ਦੇਣੇ ਸਨ ਜਿਸ ਨੂੰ ਲੈ ਕੇ ਤਾਰਾ ਰਾਣੀ ਬਾਕੀ ਪੈਸੇ ਲੈਣ ਲਈ ਉਸ ਦੇ ਘਰ ਗਈ ਸੀ।


KamalJeet Singh

Content Editor

Related News