CCTV ਫੁਟੇਜ ਨੇ ਸੁਲਝਾਈ ਪਹੇਲੀ, ਜਿਸ ਨੂੰ ਸਮਝਿਆ ਜਾ ਰਿਹਾ ਸੀ ਸਾਧਾਰਨ ਮੌਤ, ਉਹ ਨਿਕਲਿਆ ਕਤਲ ਦਾ ਮਾਮਲਾ
Friday, Mar 01, 2024 - 11:55 PM (IST)
ਫਗਵਾੜਾ (ਜਲੋਟਾ)- ਫਗਵਾੜਾ ਦੇ ਪਿੰਡ ਚੱਕ ਹਕੀਮ ਵਿਖੇ 26 ਅਤੇ 27 ਫਰਵਰੀ ਦੀ ਦਰਮਿਆਨੀ ਰਾਤ ਨੂੰ ਭੇਦਭਰੇ ਹਾਲਾਤਾਂ ਵਿਚ ਮਾਰੇ ਗਏ ਅਸ਼ੋਕ ਕੁਮਾਰ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਦੱਸਣਯੋਗ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਨੇ ਇਸ ਮਾਮਲੇ ਨਾਲ ਸਬੰਧਤ ਧਾਰਾ 174 ਸੀ.ਆਰ.ਪੀ.ਸੀ. ਤਹਿਤ ਪੁਲਸ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਸੀ ਪਰ ਇਸੇ ਦੌਰਾਨ ਜਦੋਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਮਾਮਲਾ ਕਤਲ ਦਾ ਪਾਇਆ ਗਿਆ ਹੈ। ਸੀ.ਸੀ.ਟੀ.ਵੀ. ਕੈਮਰਿਆਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਮ੍ਰਿਤਕ ਅਸ਼ੋਕ ਕੁਮਾਰ ਆਪਣੇ ਪਿੰਡ ਚੱਕ ਹਕੀਮ ਵੱਲ ਜਾ ਰਿਹਾ ਸੀ ਤਾਂ ਇਕ ਨੌਜਵਾਨ ਮ੍ਰਿਤਕ ਅਸ਼ੋਕ ਕੁਮਾਰ ਦੇ ਸਿਰ 'ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਰਿਹਾ ਹੈ। ਥਾਣਾ ਸਦਰ ਵਿਖੇ ਦਰਜ ਕਰਵਾਏ ਬਿਆਨ 'ਚ ਮ੍ਰਿਤਕ ਅਸ਼ੋਕ ਕੁਮਾਰ ਦੀ ਪਤਨੀ ਸੰਗੀਤਾ ਰਾਣੀ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ। ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਕਾਤਲ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਬੀ ਪੁੱਤਰ ਕੁਲਦੀਪ ਰਾਮ ਵਾਸੀ ਪਿੰਡ ਖੰਗੂਡ਼ਾ ਵਜੋਂ ਹੋਈ ਹੈ। ਪੁਲਸ ਨੇ ਉਸ ਦੇ ਖਿਲਾਫ ਥਾਣਾ ਸਦਰ ਵਿਖੇ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰਦਾਸਪੁਰ ਤੋਂ ਚੋਣ ਲੜਣ ਬਾਰੇ ਯੁਵਰਾਜ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਟਵੀਟ ਕਰ ਕਹੀ ਇਹ ਗੱਲ
ਦੋਸ਼ੀ ਕਾਤਲ ਲਖਵਿੰਦਰ ਸਿੰਘ ਨਸ਼ੇ ਕਰਨੇ ਦਾ ਆਦੀ ਹੈ- ਐੱਸ.ਪੀ. ਰੁਪਿੰਦਰ ਕੌਰ
ਅਸ਼ੋਕ ਕੁਮਾਰ ਦਾ ਕੱਤਲ ਕਿਉ ਕੀਤਾ ਗਿਆ ਅਤੇ ਇਸ ਕੱਤਲਕਾਂਡ ਦੇ ਪਿੱਛੇ ਕਾਤਲ ਦਾ ਕੀ ਇਰਾਦਾ ਸੀ? ਇਸ ਸਬੰਧੀ ਕਤਲਕਾਂਡ ਦੇ ਕਾਰਨਾਂ ਦੀ ਜਾਂਚ ਕਰ ਰਹੀ ਫਗਵਾੜਾ ਦੀ ਐੱਸ ਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਹੁਣ ਤੱਕ ਦੀ ਪੁਲਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਬੀ ਵਾਸੀ ਪਿੰਡ ਖੰਗੂੜਾ ਤਹਿਸੀਲ ਫਗਵਾੜਾ ਨਸ਼ੇ ਕਰਨੇ ਦਾ ਆਦੀ ਹੈ। ਉਨਾਂ ਕਿਹਾ ਕਿ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਆਪਣੇ ਘਰ ਵੀ ਨਹੀਂ ਆਇਆ ਸੀ। ਉਨ੍ਹਾਂ ਕਿਹਾ ਕਿ ਅਸ਼ੋਕ ਕੁਮਾਰ ਨੂੰ ਕਤਲ ਦੇ ਪਿੱਛੇ ਦੋਸ਼ੀ ਕਾਤਲ ਦਾ ਇਰਾਦਾ ਨਸ਼ੇ ਕਰਨੇ ਲਈ ਉਸਤੋਂ ਪੈਸੇ ਲੁੱਟਣ ਦੀ ਇੱਛਾ ਹੋ ਸਕਦਾ ਹੈ? ਜਦੋਂ ਪੁੱਛਿਆ ਗਿਆ ਕਿ ਇਸ ਕਤਲ ਕੇਸ ਵਿੱਚ ਸਿਰਫ ਲਖਵਿੰਦਰ ਸਿੰਘ ਉਰਫ਼ ਲੱਬੀ ਹੀ ਸ਼ਾਮਲ ਹੈ ਜਾਂ ਹੋਰ ਸਾਥੀ ਵੀ ਸ਼ਾਮਲ ਹੋ ਸਕਦੇ ਹਨ? ਐੱਸ ਪੀ ਭੱਟੀ ਨੇ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਨੇ ਦੋਸ਼ੀ ਕਾਤਲ ਲਖਵਿੰਦਰ ਸਿੰਘ ਉਰਫ਼ ਲੱਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਕਿਸਾਨ 'ਤੇ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ, ਫ਼ਸਲ ਨੂੰ ਬਾਰਿਸ਼ ਤੋਂ ਬਚਾਉਂਦਿਆਂ ਹੋਈ ਦਰਦਨਾਕ ਮੌਤ
ਪੁਲਸ ਦੀ ਕਾਰਜਪ੍ਰਣਾਲੀ 'ਤੇ ਵੀ ਉਠੇ ਗੰਭੀਰ ਸਵਾਲ
ਇਸੇ ਦੌਰਾਨ ਫਗਵਾੜਾ ਦੇ ਪਿੰਡ ਚੱਕ ਹਕੀਮ 'ਚ ਮ੍ਰਿਤਕ ਅਸ਼ੋਕ ਕੁਮਾਰ ਦਾ ਕਤਲ ਲੋਕਾਂ 'ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਲੋਕ ਡਰੇ ਅਤੇ ਸਹਮੇ ਹੋਏ ਹਨ। ਇੰਨਾ ਦਾ ਕਹਿਣਾ ਹੈ ਕਿ ਸਥਾਨਕ ਸੰਘਣੀ ਆਬਾਦੀ ਵਾਲੇ ਪਿੰਡ ਚੱਕੀ ਹਕੀਮ ਵਿੱਚ ਕਤਲ ਨੂੰ ਦੋਸ਼ੀ ਕਾਤਲ ਨੇ ਜਿਸ ਬੇਰਹਿਮੀ ਨਾਲ ਅੰਜਾਮ ਦਿੱਤਾ ਹੈ ਉਹ ਆਪਣੇ ਆਪ ਚ ਬਹੁਤ ਕੁਛ ਬਿਆਨ ਕਰ ਰਿਹਾ ਹੈ। ਲੋਕ ਇਸ ਗੱਲ 'ਤੇ ਵੀ ਜ਼ੋਰਦਾਰ ਚਰਚਾ ਕਰ ਰਹੇ ਹਨ ਕਿ ਪੁਲਸ ਨੇ ਪਹਿਲੀ ਨਜ਼ਰ ਵਿੱਚ ਅਸ਼ੋਕ ਕੁਮਾਰ ਦੀ ਮੌਤ ਦੇ ਮਾਮਲੇ ਨੂੰ ਕਤਲ ਕਿਉਂ ਨਹੀਂ ਪਾਇਆ? ਪੁਲਸ ਨੇ ਧਾਰਾ 174 ਸੀਆਰਪੀਸੀ ਤਹਿਤ ਕੇਸ ਕਿਉਂ ਦਰਜ ਕੀਤਾ ਅਤੇ ਇਸ ਨੂੰ ਕਤਲ ਦਾ ਕੇਸ ਕਿਉਂ ਨਹੀਂ ਮਣਿਆ? ਕੁਝ ਲੋਕਾਂ ਨੇ ਕਿਹਾ ਕਿ ਜੇਕਰ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨਾ ਮਿਲਦੀ 'ਤੇ ਪੁਲਸ ਨੇ ਜਲਦਬਾਜ਼ੀ 'ਚ ਧਾਰਾ 174 ਸੀ.ਆਰ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤੀ ਸੀ? ਜਦੋਂ ਕਿ ਕੁਝ ਲੋਕਾਂ ਨੇ ਕਿਹਾ ਕਿ ਫਗਵਾੜਾ ਦੇ ਪਿੰਡਾਂ ਤੋਂ ਲੈ ਕੇ ਸ਼ਹਿਰੀ ਖੇਤਰਾਂ ਤੱਕ ਬਹੁਤ ਵੱਡੀ ਗਿਣਤੀ ਚ ਨਸ਼ੇ ਦੇ ਆਦੀ ਹੋ ਚੁੱਕੇ ਨਸ਼ੇੜੀ ਥਾਂ -ਥਾਂ 'ਤੇ ਅਵਾਰਾ ਘੁੰਮ ਰਹੇ ਹਨ। ਇਹ ਕਦੋਂ ਕਿਸੇ ਨਾਲ ਅਸ਼ੋਕ ਕੁਮਾਰ ਵਰਗੀ ਵਾਰਦਾਤ ਨੂੰ ਅੰਜਾਮ ਦੇ ਉਸਦਾ ਕੱਤਲ ਕਰ ਦੇਣ ਇਸ ਬਾਰੇ ਕੁੱਛ ਨਹੀਂ ਕਿਹਾ ਜਾ ਸਕਦਾ ਹੈ। ਇਹ ਸਮੇਂ ਦੀ ਮੰਗ ਹੈ ਕਿ ਫਗਵਾੜਾ ਪੁਲਸ ਨੂੰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ, ਜੋ ਕਿ ਫਗਵਾੜਾ ਵਿੱਖੇ ਬਣੇ ਹੋਏ ਮਾਡ਼ੇ ਹਾਲਾਤ ਦੇ ਮੱਦੇਨਜ਼ਰ ਦੂਰ-ਦੂਰ ਤੱਕ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ? ਹੁਣ ਲੋਕ ਜੋ ਕਹਿ ਰਹੇ ਹਨ ਉਹ ਹਕੀਕਤ ਹੈ ਜੋ ਕਿਸੇ ਤੋਂ ਫਗਵਾੜਾ 'ਚ ਲੁੱਕੀ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8