3 ਡਾਕਟਰਾਂ ਦੇ ਬੋਰਡ ਨੇ ਕੀਤਾ ਲਾਸ਼ ਦਾ ਪੋਸਟਮਾਰਟਮ, ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ

Sunday, Jul 29, 2018 - 04:06 AM (IST)

3 ਡਾਕਟਰਾਂ ਦੇ ਬੋਰਡ ਨੇ ਕੀਤਾ ਲਾਸ਼ ਦਾ ਪੋਸਟਮਾਰਟਮ, ਪਰਿਵਾਰਕ ਮੈਂਬਰਾਂ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ

ਲੁਧਿਆਣਾ(ਰਿਸ਼ੀ)- 19 ਜੁਲਾਈ ਨੂੰ ਹੋਏ ਰਿੰਕਲ ਕਤਲਕਾਂਡ ’ਚ  ਅਦਾਲਤ ਦੇ ਹੁਕਮਾਂ ’ਤੇ ਸ਼ਨੀਵਾਰ ਨੂੰ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਸੀ, ਜਿਸ ਕਾਰਨ ਸਵੇਰ ਤੋਂ ਹੀ ਸਿਵਲ ਹਸਪਤਾਲ ਤੇ ਸੀ. ਐੱਮ. ਸੀ. ਹਸਪਤਾਲ ’ਚ ਭਾਰੀ ਫੋਰਸ ਲਾ ਕੇ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ। ਪੁਲਸ ਨੇ ਪਹਿਲਾਂ ਰਿਸ਼ਤੇਦਾਰਾਂ ਨੂੰ ਹਸਪਤਾਲ ਆ ਕੇ ਕਾਗਜ਼ਾਂ ’ਤੇ ਦਸਤਖ਼ਤ ਕਰਨ ਨੂੰ ਕਿਹਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਸਵੇਰ ਸਮੇਂ ਹਸਪਤਾਲ ਪੁੱਜ ਗਏ, ਇਕ ਵਾਰ ਤਾਂ ਪੁਲਸ ਨੂੰ ਲੱਗਾ ਕਿ ਪੋਸਟਮਾਰਟਮ ਕਰਵਾਉਣ ਦੀ ਗੱਲ ਮੰਨ ਗਏ ਹਨ ਪਰ ਉਨ੍ਹਾਂ ਨੇ ਕਾਗਜ਼ਾਂ ’ਤੇ ਦਸਤਖ਼ਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਪੁਲਸ ਦੀਆਂ ਲੱਖ ਮਿੰਨਤਾਂ ਕਰਨ ਤੋਂ ਬਾਅਦ ਵੀ ਇਹ ਕਹਿ ਕੇ ਵਾਪਸ ਮੁਡ਼ ਗਏ ਕਿ ਨੀਟੂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਉਹ ਰਿੰਕਲ ਦੇ ਪੋਸਟਮਾਰਟਮ ਦੇ ਕਾਗਜ਼ਾਂ ’ਤੇ ਦਸਤਖਤ ਕਰਨਗੇ। ਉਹ ਤਾਂ ਸਿਰਫ ਰਿੰਕਲ ਦੀ ਲਾਸ਼ ਲੈਣ ਆਏ ਸਨ। ਪਰਿਵਾਰਕ ਮੈਂਬਰਾਂ ਦੇ ਵਾਪਸ ਮੁਡ਼ਨ ਤੋਂ ਬਾਅਦ ਪੁਲਸ ਵਲੋਂ ਪੋਸਟਮਾਰਟਮ ਕਰਨ ਵਾਲੀ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਦੀ ਟੀਮ ਤਿਆਰ ਕਰਵਾਈ ਗਈ। ਮਾਹੌਲ ਖਰਾਬ ਹੋਣ ਦੇ ਡਰੋਂ ਰਿੰਕਲ ਦੀ ਲਾਸ਼ ਨੂੰ ਸਿਵਲ ਹਸਪਤਾਲ ਨਹੀਂ ਲਿਆਂਦਾ ਗਿਆ ਅਤੇ ਪੁਲਸ ਸੁਰੱਖਿਆ  ’ਚ ਡਾਕਟਰਾਂ ਦੀ ਟੀਮ ਨੂੰ ਸੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੂੰ ਡੇਢ ਘੰਟੇ ਤੱਕ ਉਡੀਕ ਕਰਨੀ ਪਈ ਕਿਉਂਕਿ ਪੁਲਸ ਨੂੰ ਸੀ. ਐੱਮ. ਸੀ. ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਲਈ ਆਗਿਆ ਲੈਣੀ ਜ਼ਰੂਰੀ ਸੀ ਜਿਸ ਤੋਂ ਬਾਅਦ ਡਾਕਟਰਾਂ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਅਤੇ ਵਾਪਸ ਸਿਵਲ ਹਸਪਤਾਲ ਪੁੱਜੇ। ਪੋਸਟਮਾਰਟਮ ਤੋਂ ਬਾਅਦ ਪੁਲਸ ਵਲੋਂ ਲਾਸ਼ ਨੂੰ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ।  ਭਰਾ ਮਨੀ ਖੇਡ਼ਾ ਮੁਤਾਬਕ ਪਰਿਵਾਰ ਦੀ  ਮੰਗ ਹੈ ਕਿ ਉਨ੍ਹਾਂ  ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੁਲਸ ਨੇ ਖਾਨਾਪੂਰਤੀ ਲਈ ਉਸ ਦੇ ਨਾਲ ਇਕ ਗੰਨਮੈਨ ਲਾ ਦਿੱਤਾ ਹੈ। ਭਰਾ ਮਨੀ ਦੇ ਮੁਤਾਬਕ ਵਿਧਾਇਕ ਬੈਂਸ ਵਲੋਂ ਪੁਲਸ ਕਮਿਸ਼ਨਰ ਨਾਲ ਕੌਂਸਲਰ ਨੂੰ ਫਡ਼ਨ ਦੀ ਫੋਨ ’ਤੇ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਸੋਮਵਾਰ ਤੱਕ ਨੀਟੂ ਦੇ ਫਡ਼ੇ ਜਾਣ ਦਾ ਭਰੋਸਾ ਦਿੱਤਾ ਹੈ। ਭਰਾ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਨੀਟੂ ਨੂੰ ਕੇਸ ’ਚ ਨਾਮਜ਼ਦ ਕੀਤੇ ਜਾਣ ਦੀ ਐੱਫ. ਆਈ. ਆਰ. ਦੀ ਕਾਪੀ ਨਹੀਂ ਦਿੱਤੀ ਗਈ ਅਤੇ ਨਾ ਹੀ ਪੁਲਸ ਵਲੋਂ ਉਸ ਦੀ ਭੈਣ ਕੰਵਲਪ੍ਰੀਤ ਕੌਰ, ਗੁਆਂਢੀ ਅਮਰਜੀਤ ਸਿੰਘ  ਤੇ ਨੀਲਮ ਕੌਰ ਦੇ 161 ਦੇ ਬਿਆਨ ਨੋਟ ਕੀਤੇ ਗਏ ਹਨ, ਜਦੋਂ ਕਿ ਉਨ੍ਹਾਂ ਨੇ 21 ਜੁਲਾਈ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੁਲਸ ਕਮਿਸ਼ਨਰ ਨੂੰ ਡਾਕ ਰਾਹੀਂ ਆਪਣੀ ਸ਼ਿਕਾਇਤ ਭੇਜੀ ਹੈ।

PunjabKesari

 ਟਾਈਮ ਲਾਈਨ
 9 ਵਜੇ ਰਿੰਕਲ ਦੇ ਪਰਿਵਾਰ ਵਾਲੇ ਘਰੋਂ ਪੈਦਲ ਨਿਕਲੇ।
 9.45 ਵਜੇ ਪੋਸਟਮਾਰਟਮ  ਕਰਵਾਉਣ ਲਈ ਕਾਗਜ਼ਾਂ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਕੇ ਵਾਪਸ ਮੁਡ਼ੇ।
 10.35 ਵਜੇ ਸੀ. ਐੱਮ. ਸੀ. ਹਸਪਤਾਲ ਪੁਲਸ ਦੇ ਨਾਲ ਪੁੱਜਾ ਡਾਕਟਰਾਂ ਦਾ ਬੋਰਡ।
 1.30 ਵਜੇ ਪੋਸਟਮਾਰਟਮ ਹੋਣ ਸਬੰਧੀ ਪੁਲਸ ਨੇ ਫੋਨ ਕਰ ਕੇ ਰਿਸ਼ਤੇਦਾਰਾਂ ਨੂੰ ਦਿੱਤੀ ਜਾਣਕਾਰੀ।
 4.30 ਵਜੇ ਤੱਕ ਸਾਰਿਆਂ ਦੀ ਸਰਕਟ  ਹਾਊਸ ’ਚ ਬੰਦ ਕਮਰਾ ਬੈਠਕ ਹੋਈ।
ਸਾਰਾ ਦਿਨ ਸਿਵਲ ਅਤੇ ਸੀ. ਐੱਮ. ਸੀ. ਹਸਪਤਾਲ ਪੁਲਸ ਛਾਉਣੀ ’ਚ ਰਿਹਾ ਤਬਦੀਲ
 ਜਿੱਥੇ ਰਹਿੰਦਾ ਸੀ ਜਮਾਵਡ਼ਾ ਉੱਥੇ ਛਾਈ ਚੁੱਪ
 ਰਿੰਕਲ ਦੇ ਕਤਲ ਤੋਂ ਬਾਅਦ ਉਸ ਦੇ ਘਰ ਦੇ ਬਾਹਰ 10 ਦਿਨਾਂ ਤੋਂ ਲੋਕਾਂ ਤੇ ਆਗੂਆਂ ਦੀ ਭੀਡ਼ ਲੱਗੀ ਰਹਿੰਦੀ ਸੀ, ਉੱਥੇ ਅੱਜ ਸਵੇਰ ਤੋਂ ਚੁੱਪ ਛਾਈ ਰਹੀ। ਸਵੇਰ ਜਦੋਂ ਭਰਾ ਮਨੀ ਖੇਡ਼ਾ ਘਰੋਂ ਹਸਪਤਾਲ ਜਾਣ ਲਈ ਨਿਕਲਿਆ ਤਾਂ ਉਸ ਦੇ ਨਾਲ ਇਕੱਠ ਨਹੀਂ ਸਿਰਫ ਪਰਿਵਾਰ ਦੇ 4-5 ਮੈਂਬਰ ਸਨ।
 ਬੇਰਹਿਮੀ ਨਾਲ ਹੋਇਆ ਕਤਲ, 20 ਤੋਂ ਜ਼ਿਅਾਦਾ  ਸੱਟਾਂ ਦੇ ਨਿਸ਼ਾਨ
 ਰਿੰਕਲ ਦਾ ਕਤਲ ਕਿੰਨੀ ਬੇਰਹਿਮੀ ਨਾਲ ਕੀਤਾ ਗਿਆ ਹੈ, ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਉਸ ਦੇ ਸਰੀਰ ’ਤੇ 20 ਤੋਂ ਜ਼ਿਆਦਾ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਹਨ। ਸੂਤਰਾਂ ਦੇ ਮੁਤਾਬਕ ਰਿੰਕਲ ਦੇ ਸਿਰ ’ਤੇ ਖੱਬੇ ਪਾਸੇ 3 ਥਾਵਾਂ ’ਤੇ ਸੱਟਾ ਦੇ ਨਿਸ਼ਾਨ ਸਨ। ਖੱਬੇ ਹੱਥ ਦੀਆਂ ਦੋ ਉਂਗਲਾਂ ਅਤੇ ਖੱਬੀ ਲੱਤ ਕਈ ਥਾਵਾਂ ਤੋਂ ਟੁੱਟੀ ਹੋਈ ਸੀ। ਰਿੰਕਲ ਦੇ ਨੱਕ ਦੀ ਹੱਡੀ ਵੀ ਟੁੱਟੀ ਹੋਈ ਸੀ।
ਪੁਲਸ ਨੇ ਖੁਦ ਕੀਤੀ ਸ਼ਨਾਖਤ
 ਪੋਸਟਮਾਰਟਮ ਕਰਵਾਉਣ ਤੋਂ ਪਹਿਲਾਂ ਲਾਸ਼ ਦੀ ਸ਼ਨਾਖਤ ਕਰਨ ਦੀ ਕਾਨੂੰਨੀ ਪ੍ਰਕਿਰਿਆ ਹੈ। ਪਰਿਵਾਰ ਵਲੋਂ ਇਨਕਾਰ ਕਰਨ ’ਤੇ ਪੁਲਸ ਵਲੋਂ ਆਪ ਹੀ ਰਿੰਕਲ ਦੀ ਸ਼ਨਾਖਤ ਕੀਤੀ ਗਈ। ਪੁਲਸ ਦੇ ਮੁਤਾਬਕ ਕਈ ਕੇਸਾਂ ’ਚ ਨਾਮਜ਼ਦ ਹੋਣ ਕਾਰਨ ਪੁਲਸ ਦੇ ਕੋਲ  ਉਸ ਦੇ ਕਈ ਸਬੂਤ ਸਨ। ਜਿਸ ਦੀ ਵਰਤੋਂ ਪਹਿਲਾਂ ਅਦਾਲਤ ’ਚ ਵੀ ਕੀਤੀ ਜਾ ਚੁੱਕੀ ਹੈ, ਜਿਸ ਦੇ ਆਧਾਰ ’ਤੇ ਸ਼ਨਾਖਤ ਕੀਤੀ ਗਈ।


Related News