ਸਿਖਰ ਦੁਪਹਿਰੇ ਸ਼ਰੇਆਮ ਕੀਤੀ ਵੱਢ-ਟੁੱਕ, ਵਾਰਦਾਤ ਤੋਂ ਬਾਅਦ ਮਾਰੇ ਲਲਕਾਰੇ

Tuesday, Mar 20, 2018 - 07:32 PM (IST)

ਸਿਖਰ ਦੁਪਹਿਰੇ ਸ਼ਰੇਆਮ ਕੀਤੀ ਵੱਢ-ਟੁੱਕ, ਵਾਰਦਾਤ ਤੋਂ ਬਾਅਦ ਮਾਰੇ ਲਲਕਾਰੇ

ਤਲਵੰਡੀ ਸਾਬੋ (ਮੁਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਵਿਖੇ ਸਿਖਰ ਦੁਪਹਿਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਖੇਤਾਂ 'ਚ ਕੰਮ ਕਰਨ ਤੋਂ ਬਾਅਦ ਘਰ ਆ ਰਹੇ ਇਕ ਵਿਅਕਤੀ ਨੂੰ ਪਿੰਡ ਦੇ ਹੀ ਕੁੱਝ ਲੋਕਾਂ ਨੇ ਬੇਰਹਿਮੀ ਨਾਲ ਤੇਜ਼ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਜਿਸ ਦੀ ਤਲਵੰਡੀ ਸਾਬੋ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਪੁਲਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਜ ਮਾਮਲੇ ਅਤੇ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਉਰਫ਼ ਮਿਸ਼ਰਾ ਸਿੰਘ (50) ਪੁੱਤਰ ਗੁਰਦਿਆਲ ਸਿੰਘ ਮੰਗਲਵਾਰ ਦੁਪਹਿਰੇ ਆਪਣੀ ਪਤਨੀ ਗੁਰਮੀਤ ਕੌਰ ਨਾਲ ਮੋਟਰਸਾਈਕਲ ਤੋਂ ਪਿੰਡ ਆ ਰਿਹਾ ਸੀ ਤਾਂ ਪਿੰਡ ਦੀ ਫ਼ਿਰਨੀ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਪਿੰਡ ਨਥੇਹਾ ਵਾਲੇ ਪਿੰਡ ਦੇ ਹੀ ਟਰੈਕਟਰ ਤੇ ਖੜ੍ਹੇ ਕੁੱਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ। ਬਲਵੰਤ ਸਿੰਘ ਨੂੰ ਕਥਿਤ ਦੋਸ਼ੀਆਂ ਨੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਤੇ ਬਲਵੰਤ ਸਿੰਘ ਦੀ ਪਤਨੀ ਨੇ ਰੌਲਾ ਪਾ ਦਿੱਤਾ ।
PunjabKesari
ਹਮਲਾਵਰਾਂ ਵਲੋਂ ਬਲਵੰਤ ਸਿੰਘ ਦੀ ਵੱਢ ਟੁੱਕ ਕਰਨ ਬਾਅਦ ਪਿੰਡ ਵਿਚ ਆਕੇ ਕਥਿਤ ਤੌਰ 'ਤੇ ਗਲੀਆਂ ਵਿਚ ਰੌਲਾ ਪਾ ਦਿੱਤਾ ਕਿ ਅਸੀਂ ਬਲਵੰਤ ਸਿੰਘ ਨੂੰ ਵੱਢ ਦਿੱਤਾ ਹੈ, ਜਿਸ ਨੇ ਚੁੱਕਣਾ ਹੈ ਜਾ ਕੇ ਚੁੱਕ ਲਵੇ। ਪਤਾ ਲੱਗਣ 'ਤੇ ਜ਼ਖ਼ਮੀ ਹਾਲਤ ਵਿਚ ਪਿੰਡ ਵਾਸੀਆਂ ਨੇ ਬਲਵੰਤ ਸਿੰਘ ਨੂੰ ਇਲਾਜ ਲਈ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਲਵੰਤ ਸਿੰਘ ਦੀ ਕਰੀਬ 30-32 ਸਾਲ ਪਹਿਲਾਂ ਟੂਟੀ ਦੇ ਪਾਣੀ ਨੂੰ ਲੈ ਕੇ ਹਮਲਾਵਰ ਧਿਰ ਨਾਲ ਲੜਾਈ ਹੋ ਗਈ ਸੀ ਜਿਸ ਦੌਰਾਨ ਬਲਵੰਤ ਸਿੰਘ ਵੱਲੋਂ ਚਲਾਈ ਗੋਲੀ ਨਾਲ ਹਮਲਾਵਰਾਂ ਦਾ ਸੀਰੀ ਜ਼ਖ਼ਮੀ ਹੋ ਗਿਆ ਸੀ ਪ੍ਰੰਤੂ ਉਸ ਕੇਸ ਵਿਚੋਂ ਅਦਾਲਤ ਨੇ ਬਲਵੰਤ ਸਿੰਘ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਸੀ, ਜਿਸਦੇ ਬਦਲੇ ਵਜੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਇਕਲੌਤੀ ਬੇਟੀ ਪਿਛਲੇ ਇਕ ਸਾਲ ਤੋਂ ਕੈਨੇਡਾ ਗਈ ਹੋਈ ਹੈ ਜਦੋਂ ਕਿ ਮ੍ਰਿਤਕ ਦੇ ਮਾਤਾ-ਪਿਤਾ ਅਤੇ ਗੋਦ ਲਿਆ ਬੇਟਾ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਹਨ।
ਘਟਨਾ ਦਾ ਪਤਾ ਲਗਦਿਆਂ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਅਤੇ ਐੱਸ. ਐੱਚ. ਓ. ਸੁਨੀਲ ਕੁਮਾਰ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਲਈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ 'ਤੇ ਜਗਸੀਰ ਸਿੰਘ, ਰਘੁਬੀਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਜੰਗੀਰ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News