ਦੁੱਗਰੀ ਫ਼ਲਾਈਓਵਰ ''ਤੇ ਦਰਦਨਾਕ ਹਾਦਸਾ, ਟਰਾਲੇ ਵਿਚ ਟੱਕਰ ਮਗਰੋਂ ਟਾਟਾ ਗੱਡੀ ਦੇ ਡਰਾਈਵਰ ਦੀ ਮੌਤ
Thursday, May 21, 2026 - 11:25 AM (IST)
ਲੁਧਿਆਣਾ (ਰਾਜ): ਦੁੱਗਰੀ ਫਲਾਈਓਵਰ ਦੇ ਨੇੜੇ ਦੇਰ ਰਾਤ ਇਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਸੜਕ ਕਿਨਾਰੇ ਬਿਨਾਂ ਕਿਸੇ ਲਾਈਟ ਜਾਂ ਰਿਫਲੈਕਟਰ ਦੇ ਲਾਪਰਵਾਹੀ ਨਾਲ ਖੜ੍ਹੇ ਇਕ ਗੁਜਰਾਤ ਨੰਬਰ ਦੇ ਟਰਾਲੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਤੇਜ਼ ਰਫ਼ਤਾਰ ਟਾਟਾ-1109 ਗੱਡੀ ਬੇਕਾਬੂ ਹੋ ਕੇ ਟਰਾਲੇ ਦੇ ਪਿੱਛੇ ਜਾ ਟਕਰਾਈ, ਜਿਸ ਨਾਲ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਦੁੱਗਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਰਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ 34 ਸਾਲਾ ਭਰਾ ਗੁਰਜੰਟ ਸਿੰਘ, ਜੋ ਰਾਜਪੁਰਾ ਦੇ ਪਿੰਡ ਘੱਗਰਸਰਾਏ ਦਾ ਰਹਿਣ ਵਾਲਾ ਸੀ, ਆਪਣੀ ਗੱਡੀ 'ਤੇ ਲੋਡ ਲੈਣ ਲਈ ਫਿਰੋਜ਼ਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਗਿੱਲ ਨਹਿਰ ਰੋਡ ਫਲਾਈਓਵਰ ਤੋਂ ਹੇਠਾਂ ਉਤਰ ਰਿਹਾ ਸੀ, ਤਾਂ ਅੱਗੇ ਡਿਵਾਈਡਰ ਦੇ ਕੋਲ ਇਕ ਅਣਪਛਾਤਾ ਟਰਾਲਾ ਬੇਹੱਦ ਲਾਪਰਵਾਹੀ ਨਾਲ ਸੜਕ ਦੇ ਵਿਚਕਾਰ ਖੜ੍ਹਾ ਸੀ। ਰਾਤ ਦੇ ਹਨੇਰੇ ਵਿਚ ਟਰਾਲੇ ਦੇ ਪਿੱਛੇ ਨਾ ਤਾਂ ਕੋਈ ਰਿਫਲੈਕਟਰ ਲੱਗਾ ਸੀ ਅਤੇ ਨਾ ਹੀ ਕੋਈ ਪਾਰਕਿੰਗ ਲਾਈਟ ਚੱਲ ਰਹੀ ਸੀ, ਜਿਸ ਕਾਰਨ ਗੁਰਜੰਟ ਨੂੰ ਟਰਾਲਾ ਦਿਖਾਈ ਨਹੀਂ ਦਿੱਤਾ ਅਤੇ ਉਸ ਦੀ ਗੱਡੀ ਸਿੱਧੀ ਉਸ ਵਿਚ ਜਾ ਵੱਜੀ।
ਜਾਂਚ ਅਧਿਕਾਰੀ ਏ.ਐੱਸ.ਆਈ. (ASI) ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਗੱਡੀਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਫਰਾਰ ਟਰਾਲਾ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਫੜਨ ਲਈ ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
