ਪੰਜਾਬ : ਆਦਮਖੋਰ ਕੁੱਤੇ ਸਾਰੀ ਰਾਤ ਨੋਚਦੇ ਰਹੇ ਬੰਦਾ ਤੇ ਸਵੇਰੇ...
Wednesday, May 13, 2026 - 06:38 PM (IST)
ਖੰਨਾ (ਬਿਪਿਨ ਭਾਰਦਵਾਜ) : ਖੰਨਾ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਆਵਾਰਾ ਅਤੇ ਆਦਮਖੋਰ ਬਣ ਚੁੱਕੇ ਕੁੱਤਿਆਂ ਦਾ ਖੌਫ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸਨ ਦੀ ਬੇਧਿਆਨੀ ਅਤੇ ਨਗਰ ਕੌਂਸਲ ਦੀ ਨਾਕਾਮੀ ਕਾਰਨ ਹੁਣ ਹਾਲਾਤ ਇੰਨੇ ਖ਼ਤਰਨਾਕ ਹੋ ਚੁੱਕੇ ਹਨ ਕਿ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਤਾਜ਼ਾ ਅਤੇ ਦਹਿਲਾ ਦੇਣ ਵਾਲੀ ਘਟਨਾ ਖੰਨਾ ਦੇ ਨੇੜਲੇ ਪਿੰਡ ਰਸੂਲੜਾ ਵਿੱਚ ਸਾਹਮਣੇ ਆਈ, ਜਿੱਥੇ ਇੱਕ ਮਜ਼ਦੂਰ ਨੂੰ ਕੁੱਤਿਆਂ ਦੇ ਝੁੰਡ ਨੇ ਜਿੰਦਾ ਨੋਚ-ਨੋਚ ਕੇ ਮਾਰ ਦਿੱਤਾ। ਇਹ ਘਟਨਾ ਨਾ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਬਿਆਨ ਕਰਦੀ ਹੈ, ਸਗੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਪ੍ਰਬੰਧਾਂ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ।
ਮ੍ਰਿਤਕ ਦੀ ਪਛਾਣ 35 ਸਾਲਾ ਰਾਮ ਈਸ਼ਵਰ ਵਜੋਂ ਹੋਈ ਹੈ, ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਈਸ਼ਵਰ ਰਾਤ ਸਮੇਂ ਖੇਤਾਂ ਵੱਲ ਗਿਆ ਹੋਇਆ ਸੀ, ਜਿੱਥੇ 10 ਤੋਂ 15 ਆਵਾਰਾ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਉਸਨੂੰ ਸਾਰੀ ਰਾਤ ਨੋਚਦੇ ਰਹੇ ਅਤੇ ਉਹ ਦਰਦ ਨਾਲ ਤੜਫਦਾ ਰਿਹਾ, ਪਰ ਕੋਈ ਮਦਦ ਲਈ ਨਹੀਂ ਪਹੁੰਚ ਸਕਿਆ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਪਿਤਾ ਜਦੋਂ ਖੇਤਾਂ ਵੱਲ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਕੁੱਤੇ ਰਾਮ ਈਸ਼ਵਰ ਦੀ ਦੇਹ ਨੂੰ ਖਾ ਰਹੇ ਸਨ। ਉਸਨੇ ਤੁਰੰਤ ਰੌਲਾ ਪਾਇਆ ਅਤੇ ਪਿੰਡ ਦੇ ਲੋਕ ਇਕੱਠੇ ਹੋਏ, ਜਿਸ ਤੋਂ ਬਾਅਦ ਕੁੱਤੇ ਉਥੋਂ ਭੱਜੇ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਰਾਮ ਈਸ਼ਵਰ ਦੀ ਦੇਹ ਲਹੂ-ਲੁਹਾਨ ਹਾਲਤ ਵਿੱਚ ਪਈ ਸੀ ਤੇ ਉਸਦੇ ਸਰੀਰ ਦੇ ਕਈ ਹਿੱਸੇ ਬੁਰੀ ਤਰ੍ਹਾਂ ਨੋਚੇ ਹੋਏ ਸਨ।
ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਆਵਾਰਾ ਕੁੱਤਿਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਪਰ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਸੁੱਤਾ ਹੈ। ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਖੰਨਾ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਕੂੜੇ ਦਾ ਡੰਪ ਇਨ੍ਹਾਂ ਕੁੱਤਿਆਂ ਦੀ ਵੱਧ ਰਹੀ ਗਿਣਤੀ ਦਾ ਮੁੱਖ ਕਾਰਨ ਹੈ। ਡੰਪ ’ਤੇ ਹਰ ਵੇਲੇ ਕੂੜਾ ਪਿਆ ਰਹਿੰਦਾ ਹੈ, ਜਿਸ ਕਾਰਨ ਸੈਂਕੜਿਆਂ ਕੁੱਤਿਆਂ ਦੇ ਝੁੰਡ ਉਥੇ ਇਕੱਠੇ ਰਹਿੰਦੇ ਹਨ ਅਤੇ ਹੁਣ ਉਹ ਆਦਮਖੋਰ ਬਣਦੇ ਜਾ ਰਹੇ ਹਨ।
ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਹੁਣ ਹਾਲਾਤ ਇਹ ਹਨ ਕਿ ਲੋਕਾਂ ਨੂੰ ਖੇਤਾਂ ਵਿੱਚ ਜਾਣ ਲਈ ਡੰਡੇ ਜਾਂ ਹੋਰ ਹਥਿਆਰ ਨਾਲ ਲੈ ਕੇ ਜਾਣਾ ਪੈਂਦਾ ਹੈ। ਰਾਤ ਦੇ ਸਮੇਂ ਇਥੋਂ ਲੰਘਣਾ ਤਾਂ ਦੂਰ, ਦਿਨ ਵਿੱਚ ਵੀ ਲੋਕ ਡਰ ਦੇ ਸਾਏ ਹੇਠ ਜੀਅ ਰਹੇ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਘਟਨਾ ਤੋਂ ਬਾਅਦ ਵੀ ਨਾ ਤਾਂ ਕੋਈ ਠੋਸ ਕਾਰਵਾਈ ਹੋਈ ਅਤੇ ਨਾ ਹੀ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਕੋਈ ਮੁਹਿੰਮ ਚਲਾਈ ਗਈ। ਸਗੋਂ ਲਾਸ਼ ਨੂੰ ਵੀ ਪਿੰਡ ਵਾਸੀ ਖੁਦ ਟਰਾਲੀ 'ਚ ਲੈਕੇ ਸਰਕਾਰੀ ਹਸਪਤਾਲ ਗਏ।
ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ, ਗੈਰਕਾਨੂੰਨੀ ਡੰਪ ਨੂੰ ਹਟਾਇਆ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ, ਖੰਨਾ ਦੇ ਐੱਸਐੱਮਓ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ। ਪੋਸਟਮਾਰਟਮ ਮਗਰੋਂ ਹੀ ਪਤਾ ਚੱਲੇਗਾ ਕਿ ਮ੍ਰਿਤਕ ਨੂੰ ਕਿੰਨੀ ਥਾਂ ਤੋਂ ਵੱਢਿਆ ਗਿਆ ਤੇ ਮੌਤ ਦਾ ਕੀ ਕਾਰਨ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
