ਸਰਕਾਰ ਵੱਲੋਂ ਗ੍ਰਾਂਟ ਨਾ ਦੇਣ ''ਤੇ ਸਮੂਹ ਨਗਰ ਕੌਂਸਲਰ ਚੰਦਾ ਇਕੱਠਾ ਕਰਕੇ ਕਰਵਾਉਣਗੇ ਵਿਕਾਸ

Sunday, Oct 01, 2017 - 11:32 AM (IST)

ਹੁਸ਼ਿਆਰਪੁਰ(ਝਾਵਰ)— ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ 'ਚ ਵਿਕਾਸ ਦੇ ਕੰਮਾਂ ਦੀ ਗਤੀ ਬਿਲਕੁਲ ਰੁਕੀ ਪਈ ਹੈ ਜਦਕਿ ਨਗਰ ਕੌਂਸਲ ਨੂੰ ਪੰਜਾਬ ਸਰਕਾਰ ਦੇ ਹੋਂਦ 'ਚ ਆਉਣ ਤੋਂ ਬਾਅਦ ਕੋਈ ਵੀ ਗ੍ਰਾਂਟ ਨਹੀਂ ਮਿਲੀ। ਇਸ ਸਬੰਧ 'ਚ ਨਗਰ ਕੌਂਸਲ ਦਸੂਹਾ ਦਾ ਆਮ ਇਜਲਾਸ ਪ੍ਰਧਾਨ ਡਾ. ਹਰਸਿਮਰਤ ਸਿੰਘ ਸਾਹੀ ਦੀ ਅਗਵਾਈ 'ਚ ਹੋਇਆ। 
ਇਸ ਮੌਕੇ ਸਮੂਹ ਨਗਰ ਕੌਂਸਲਰਾਂ ਨੇ ਨਗਰ ਕੌਂਸਲ ਦੀ ਵਿੱਤੀ ਹਾਲਤ ਖਰਾਬ ਹੋਣ ਕਾਰਨ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਹੋ ਸਕਣ, ਸ਼ਹਿਰ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਨਾ ਠੀਕ ਹੋਣ, ਸੜਕਾਂ 'ਤੇ ਪੈਚ ਵਰਕ ਨਾ ਲੱਗਣ ਦਾ ਕੰਮ ਪੈਸਿਆਂ ਦੀ ਘਾਟ ਕਾਰਨ ਨਾ ਹੋਣ ਦੀ ਨਿੰਦਾ ਕੀਤੀ। ਸਮੂਹ ਕੌਂਸਲਰਾਂ ਨੇ ਫੈਸਲਾ ਕੀਤਾ ਕਿ ਆਪਣੇ ਇਕ ਮਹੀਨੇ ਦਾ ਬਣਦਾ ਮਾਣ-ਭੱਤਾ ਇਕੱਠਾ ਕਰਕੇ ਸ਼ਹਿਰ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਵਾਉਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚੋਂ ਚੰਦਾ ਇਕੱਠਾ ਕਰਕੇ ਰੁਕੇ ਵਿਕਾਸ ਦੇ ਕੰਮ ਕਰਵਾਉਣਗੇ। 
ਨਗਰ ਕੌਂਸਲ ਦੇ ਮੀਤ ਪ੍ਰਧਾਨ ਕਰਮਵੀਰ ਸਿੰਘ ਘੁੰਮਣ ਅਤੇ ਕੌਂਸਲਰ ਰਾਜੀਵ ਦੱਤਾ ਰਿੰਪਾ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਵਿਚ ਕਾਫੀ ਸਮੇਂ ਤੋਂ ਵਿਭਾਗੀ ਅਫਸਰ ਨਹੀਂ ਹੈ, ਜਿਸ ਕਾਰਨ ਟੈਂਡਰ ਵੀ ਨਹੀਂ ਲੱਗ ਸਕੇ। ਉਨ੍ਹਾਂ ਕਿਹਾ ਕਿ ਸਮੂਹ ਕੌਂਸਲਰਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਗ੍ਰਾਂਟ ਨਹੀਂ ਆ ਜਾਂਦੀ ਤੇ ਪੈਂਡਿੰਗ ਟੈਂਡਰ ਨਹੀਂ ਲਾਏ ਜਾਂਦੇ, ਉਸ ਸਮੇਂ ਤੱਕ ਮਹੀਨਾਵਾਰ ਮੀਟਿੰਗ ਵੀ ਨਹੀਂ ਕੀਤੀ ਜਾਵੇਗੀ। 
ਇਸ ਮੌਕੇ ਜਸਵੰਤ ਪੱਪੂ, ਤਰਨਵੀਰ, ਸਤੀਸ਼ ਕੁਮਾਰ ਘਈ, ਪਰਮਿੰਦਰ ਸਿੰਘ, ਅਮਰਪ੍ਰੀਤ ਸਿੰਘ, ਜਸਵਿੰਦਰ ਕੌਰ, ਕਰਮਵੀਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਨਰਿੰਦਰਜੀਤ ਸਿੰਘ ਕੈਂਥਾਂ ਤੇ ਸਮੂਹ ਕੌਂਸਲਰਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਡਾ. ਹਰਸਿਮਰਤ ਸਿੰਘ ਵੀ ਹਾਜ਼ਰ ਸਨ। ਜਦੋਂ ਇਸ ਸਬੰਧ 'ਚ ਵਿਕਾਸ ਮੰਚ ਦੇ ਚੇਅਰਮੈਨ ਜਗਮੋਹਣ ਸਿੰਘ ਬੱਬੂ ਘੁੰਮਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਕਾਸ ਮੰਚ ਦੇ ਕੌਂਸਲਰ ਆਪਣੇ ਮਾਣ-ਭੱਤੇ ਨਾਲ ਰੁਕੇ ਵਿਕਾਸ ਕਾਰਜ ਹਰ ਮਹੀਨੇ ਕਰਵਾਉਣਗੇ ਅਤੇ ਵਿਕਾਸ ਮੰਚ ਦੇ ਵਰਕਰ ਬੂਟ ਪਾਲਿਸ਼ ਕਰ ਕੇ ਜੋ ਰਕਮ ਇਕੱਠੀ ਹੋਵੇਗੀ, ਉਹ ਪੈਸੇ ਵੀ ਵਿਕਾਸ ਦੇ ਕੰਮ 'ਤੇ ਲਾਉਣਗੇ।


Related News