ਨਿਗਮ ਨੇ ਪਿਲਾਇਆ ਦੂਸ਼ਿਤ ਪਾਣੀ, ਡਾਇਰੀਆ ਨਾਲ ਬੱਚੇ ਦੀ ਮੌਤ
Tuesday, Jul 11, 2017 - 03:49 AM (IST)
ਲੁਧਿਆਣਾ (ਸਹਿਗਲ)-ਸ਼ਹਿਰ ਵਿਚ ਜਵੱਦੀ ਖੇਤਰ ਵਿਚ ਦੂਸ਼ਿਤ ਪਾਣੀ ਪੀਣ ਕਾਰਨ ਡਾਇਰੀਆ ਨਾਲ ਗ੍ਰਸਤ ਹੋ ਕੇ 9 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਹਰਮਨ 9 ਸਾਲ ਦਾ ਸੀ ਅਤੇ ਉਸ ਨੂੰ ਉਲਟੀਆਂ ਦਸਤ ਦੀ ਸ਼ਿਕਾਇਤ 'ਤੇ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਪਿਤਾ ਬਲਜੀਤ ਮਜ਼ਦੂਰੀ ਕਰਦਾ ਹੈ। ਮ੍ਰਿਤਕ ਬੱਚੇ ਦਾ ਛੋਟਾ ਭਰਾ ਸਮਨਪ੍ਰੀਤ ਉਮਰ 3 ਸਾਲ ਦੀ ਹਾਲਤ ਵੀ ਗੰਭੀਰ ਦੱਸੀ ਜਾਂਦੀ ਹੈ। ਇਲਾਕਾ ਨਿਵਾਸੀਆਂ ਦੇ ਮੁਤਾਬਕ ਉਕਤ ਖੇਤਰ ਵਿਚ ਕਈ ਦਿਨਾਂ ਤੋਂ ਗੰਦਾ ਪਾਣੀ ਆ ਰਿਹਾ ਹੈ। ਇਲਾਕੇ ਵਿਚ 15-20 ਵਿਅਕਤੀ ਡਾਇਰੀਆ ਦੀ ਲਪੇਟ ਵਿਚ ਆਏ ਦੱਸੇ ਜਾਂਦੇ ਹਨ। ਸੂਚਨਾ ਮਿਲਣ 'ਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਜਵੱਦੀ ਦਾ ਦੌਰਾ ਕੀਤਾ। ਟੀਮ ਦੇ ਮੁਤਾਬਕ ਇਲਾਕੇ ਵਿਚ ਗੰਦੇ ਪਾਣੀ ਦੀ ਸ਼ਿਕਾਇਤ ਲੋਕ ਕਰ ਰਹੇ ਹਨ।
ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਮੁਤਾਬਕ ਇਲਾਕੇ ਵਿਚ ਸਿਹਤ ਵਿਭਾਗ ਦੀ ਟੀਮ ਨੇ ਘਰ-ਘਰ ਜਾ ਕੇ ਸਰਵੇਖਣ ਸ਼ੁਰੂ ਕਰ ਦਿੱਤਾ ਹੈ। ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ 2 ਹਜ਼ਾਰ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ। ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਨੂੰ ਕਿਹਾ ਜਾ ਰਿਹਾ ਹੈ ਅਤੇ ਨਿਗਮ ਅਧਿਕਾਰੀਆਂ ਨੂੰ ਪਾਣੀ ਦੇ ਟੈਂਕਰ ਤੋਂ ਸਾਫ ਪੀਣ ਵਾਲਾ ਪਾਣੀ ਸਪਲਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ 'ਤੇ 5 ਪਾਣੀ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਨਿਗਮ ਦੇ ਟੈਂਕਰਾਂ ਦੇ ਪਾਣੀ ਦੇ ਸੈਂਪਲ ਹੋਏ ਫੇਲ
ਪਿਛਲੇ ਦਿਨੀਂ ਗਿਆਸਪੁਰਾ ਇਲਾਕੇ ਵਿਚ ਫੈਲੇ ਡਾਇਰੀਆ ਦੌਰਾਨ ਨਿਗਮ ਵੱਲੋਂ ਪੀਣ ਦੇ ਪਾਣੀ ਦੇ ਜੋ ਟੈਂਕਰ ਉਕਤ ਇਲਾਕੇ ਵਿਚ ਭੇਜੇ ਸਨ, ਸਿਹਤ ਵਿਭਾਗ ਵੱਲੋਂ 5 ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਹ 5 ਪਾਣੀ ਦੇ ਸੈਂਪਲ ਜਾਂਚ ਵਿਚ ਫੇਲ ਹੋ ਗਏ ਹਨ। ਹਾਲਾਂਕਿ ਨਿਗਮ ਅਧਿਕਾਰੀਆਂ ਵੱਲੋਂ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਦਾ ਦਾਅਵਾ ਕੀਤਾ ਗਿਆ ਸੀ। ਸੈਂਪਲ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਾ ਕਿ ਨਿਗਮ ਖੇਤਰ ਵਿਚ ਦੂਸ਼ਿਤ ਪੀਣ ਵਾਲਾ ਪਾਣੀ ਸਪਲਾਈ ਕਰਦਾ ਰਿਹਾ ਹੈ।
