ਹੁਣ ਦੁਪਹਿਰ ਨੂੰ ਵੀ ਜਲੰਧਰ ਵਾਸੀਆਂ ਨੂੰ ਮਿਲੇਗੀ ਪਾਣੀ ਦੀ ਸਪਲਾਈ, ਇਹ ਹੋਵੇਗਾ ਸਮਾਂ
Tuesday, May 26, 2020 - 11:59 AM (IST)
ਜਲੰਧਰ (ਖੁਰਾਣਾ)— ਹੁਣ ਸ਼ਹਿਰ ਨਿਵਾਸੀਆਂ ਨੂੰ ਦੁਪਹਿਰ ਦੇ ਸਮੇਂ ਵੀ 2 ਘੰਟੇ ਲਈ ਪਾਣੀ ਦੀ ਸਪਲਾਈ ਮਿਲੇਗੀ। ਇਹ ਸਪਲਾਈ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ। ਇਹ ਫੈਸਲਾ ਸੋਮਵਾਰ ਮੇਅਰ ਜਗਦੀਸ਼ ਰਾਜ ਰਾਜਾ ਅਤੇ ਨਿਗਮ ਕਮਿਸ਼ਨਰ ਦਰਮਿਆਨ ਹੋਈ ਬੈਠਕ 'ਚ ਲਿਆ ਗਿਆ, ਜਿਸ ਦੇ ਤਹਿਤ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਮੇਅਰ ਰਾਜਾ ਨੇ ਦੱਸਿਆ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਪੀਣ ਦੇ ਪਾਣੀ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਕਈ ਮਹੀਨੇ ਪਹਿਲਾਂ ਸੀਵਰੇਜ 'ਤੇ ਪੈ ਰਹੇ ਦਬਾਅ ਨੂੰ ਘੱਟ ਕਰਨ ਲਈ ਦੁਪਹਿਰ ਦੇ ਸਮੇਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਸੀ, ਜਿਸ ਕਾਰਨ ਸ਼ਹਿਰ 'ਚ ਕਾਫੀ ਵਿਵਾਦ ਵੀ ਹੋਇਆ ਸੀ ਪਰ ਨਿਗਮ ਨੇ ਆਪਣੇ ਤਰਕ ਦੇ ਕੇ ਸਪਲਾਈ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਿਛਲੇ ਲੰਬੇ ਸਮੇਂ ਤੋਂ ਨਿਗਮ ਦੁਪਹਿਰ ਦੇ ਪਾਣੀ ਦੀ ਸਪਲਾਈ ਨਹੀਂ ਕਰ ਰਿਹਾ ਸੀ ਅਤੇ ਹੁਣ ਨਿਗਮ ਵੱਲੋਂ ਪਾਣੀ ਬਹਾਲ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ।
ਨਿਊ ਸੰਤ ਨਗਰ ਵਿਚ ਆ ਰਿਹਾ ਗੰਦਾ ਪਾਣੀ
ਇਕ ਪਾਸੇ ਜਿੱਥੇ ਗਰਮੀਆਂ ਦੇ ਮੌਸਮ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਉੱਥੇ ਹੀ ਬਸਤੀ ਸ਼ੇਖ ਇਲਾਕੇ 'ਚ ਪੈਂਦੇ ਸੰਤ ਨਗਰ ਅਤੇ ਨਿਊ ਸੰਤ ਨਗਰ ਦੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਆ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਸਮੱਸਿਆ ਪਿਛਲੇ ਹਫਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਸੀ ਅਤੇ ਸ਼ਨੀਵਾਰ ਨੂੰ ਬਬਰੀਕ ਚੌਕ ਸਥਿਤ ਨਿਗਮ ਦੇ ਜ਼ੋਨ ਦਫਤਰ 'ਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਥੇ ਬੈਠੇ ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਫਾਲਟ ਸੋਮਵਾਰ ਨੂੰ ਠੀਕ ਹੋਵੇਗਾ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਗੰਦਾ ਪਾਣੀ ਬਰਦਾਸ਼ਤ ਕਰਨ ਤੋਂ ਬਾਅਦ ਜਦੋਂ ਉਹ ਸੋਮਵਾਰ ਨੂੰ ਮੁੜ ਨਿਗਮ ਦਫਤਰ ਗਏ ਤਾਂ ਉੱਥੋਂ ਜਵਾਬ ਮਿਲਿਆ ਕਿ ਜਲਦ ਹੀ ਟੀਮ ਉਨ੍ਹਾਂ ਦੇ ਇਲਾਕੇ ਵਿਚ ਆਵੇਗੀ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਨਿਗਮ ਦੇ 2-3 ਕਰਮਚਾਰੀ ਮੌਕੇ 'ਤੇ ਆਏ ਜ਼ਰੂਰ ਪਰ ਬਿਨਾਂ ਕੋਈ ਫਾਲਟ ਦੇਖੇ ਜਾਂ ਫਿਰ ਇਸ ਨੂੰ ਠੀਕ ਕੀਤੇ ਵਾਪਸ ਆਉਣ ਬਾਰੇ ਕਹਿ ਕੇ ਚਲੇ ਗਏ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਨਿਗਮ ਅਜਿਹੇ ਜ਼ਰੂਰੀ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਤਾਂ ਕਿ ਗੰਦਾ ਪਾਣੀ ਪੀਣ ਨਾਲ ਲੋਕ ਬੀਮਾਰ ਨਾ ਹੋਣ। ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਇਲਾਕਾ ਕੌਂਸਲਰ ਕਮਲੇਸ਼ ਗਰੋਵਰ ਦੇ ਪੁੱਤਰ ਅਨਮੋਲ ਗਰੋਵਰ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।