ਟ੍ਰਾਂਸਫਰ ਹੋਣ ਦੇ ਬਾਵਜੂਦ ਜ਼ੋਨ ਸੀ ’ਚ ਬਿੱਲ ਬਣਾ ਰਿਹੈ ਘੋਟਾਲੇਬਾਜ਼ ਜੇ. ਈ.

Friday, Aug 03, 2018 - 04:23 AM (IST)

ਟ੍ਰਾਂਸਫਰ ਹੋਣ ਦੇ ਬਾਵਜੂਦ ਜ਼ੋਨ ਸੀ ’ਚ ਬਿੱਲ ਬਣਾ ਰਿਹੈ ਘੋਟਾਲੇਬਾਜ਼ ਜੇ. ਈ.

ਲੁਧਿਆਣਾ(ਹਿਤੇਸ਼)-ਨਗਰ ਨਿਗਮ ਨੇ ਵਿਕਾਸ ਕਾਰਜਾਂ ਦੇ ਨਾਂ ’ਤੇ ਘੋਟਾਲਿਆਂ ਵਿਚ ਅੰਜਾਮ ਦੇਣ ਦੇ ਦੋਸ਼ ਵਿਚ ਜਿਸ ਜੂਨੀਅਰ ਇੰਜੀਨੀਅਰ ਨੂੰ ਕਰੀਬ 15 ਦਿਨ ਪਹਿਲਾਂ ਜ਼ੋਨ-ਏ ਵਿਚ ਬਦਲ ਦਿੱਤਾ ਹੈ, ਉਹ ਹੁਣ ਤੱਕ ਜ਼ੋਨ-ਸੀ ਨਾਲ ਸਬੰਧਤ ਬਿੱਲ ਬਣਾ ਰਿਹਾ ਹੈ। ਜੇਕਰ ਜ਼ੋਨ-ਸੀ ਦੇ ਅਧੀਨ ਆਉਂਦੇ ਇਲਾਕੇ ਵਿਚ ਵਿਕਾਸ ਕਾਰਜਾਂ ਦੇ ਨਾਂ ’ਤੇ ਹੋਏ ਘੋਟਾਲੇ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਇਕ ਜੂਨੀਅਰ ਇੰਜੀਨੀਅਰ ਹੈ ਜੋ ਕਿ ਕਰੀਬ 20 ਸਾਲ ਤੋਂ ਇਕ ਹੀ ਇਲਾਕੇ ਵਿਚ ਟਿਕਿਆ ਹੋਇਆ ਹੈ। ਇਸ ਅਧਿਕਾਰੀ ਵੱਲੋਂ ਵਿਕਾਸ ਕਾਰਜਾਂ  ਲਈ ਐਸਟੀਮੇਟ ਤੋਂ ਲੈ ਕੇ ਬਿੱਲ ਬਣਾਉਣ ਤੱਕ ਦੀ ਪ੍ਰਕਿਰਿਆ ਵਿਚ ਨਗਰ ਨਿਗਮ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਕੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਤਾਂ ਐਸਟੀਮੇਟ ਹੀ ਠੇਕੇਦਾਰ ਦੀ ਸਹੂਲਤ ਦੇ ਮੁਤਾਬਕ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਤਹਿਤ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਕੁਆਲਟੀ ਕੰਟਰੋਲ ਨਿਯਮਾਂ ਦਾ ਪਾਲਣ ਨਾ ਹੋਣ ਨੂੰ ਲੈ ਕੇ ਅੱਖਾਂ ਬੰਦ ਰੱਖੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਸਪੈਸੀਫਿਕੇਸ਼ਨ ਦੇ ਮੁਤਾਬਕ ਕੰਮ ਹੋਣ ਦਾ ਸਰਟੀਫਿਕੇਟ ਦੇ ਕੇ ਅਦਾਇਗੀ ਜਾਰੀ ਕਰਨ ਲਈ ਬਿੱਲ ਬਣਾ ਦਿੱਤਾ ਜਾਂਦਾ ਹੈ, ਜਿਸ ਵਿਚ ਆਈਟਮ ਰੇਟ ਤੋਂ ਇਲਾਵਾ ਪੈਮਾਇਸ਼ ਦੇ ਮਾਮਲੇ ਵਿਚ ਠੇਕੇਦਾਰ ਨੂੰ ਫਾਇਦਾ ਪਹੁੰਚਾਇਆ ਜਾਂਦਾ ਹੈ। ਇੱਥੋਂ ਤੱਕ ਕਿ ਜ਼ੋਨ ਸੀ ਵਿਚ ਕੰਮ ਹੋਏ ਬਿਨਾਂ ਬਿੱਲ ਬਣਾਏ ਜਾਣ ਦੀ ਚਰਚਾ ਸੁਣਨ ਨੂੰ ਮਿਲ ਜਾਵੇਗੀ, ਜਿਸ ਨਾਲ ਨਗਰ ਨਿਗਮ ਨੂੰ ਕੰਗਾਲੀ ਦੇ ਦੌਰ ਵਿਚ ਨੁਕਸਾਨ ਹੋ ਰਿਹਾ ਹੈ ਅਤੇ ਇਹ ਅਧਿਕਾਰੀ ਰਾਤੋ ਰਾਤ ਕਰੋਡ਼ਪਤੀ ਬਣ ਗਏ ਹਨ। ਇਸ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਪਿਛਲੇ ਦਿਨੀਂ ਜੂਨੀਅਰ ਇੰਜੀਨੀਅਰ ਦੀ ਟ੍ਰਾਂਸਫਰ ਜ਼ੋਨ-ਏ ਵਿਚ ਕਰ ਦਿੱਤੀ ਪਰ ਪਹਿਲਾਂ ਤਾਂ ਇਹ ਅਧਿਕਾਰੀ ਕਾਫੀ ਦੇਰ ਤੱਕ ਰਿਲੀਵ ਨਹੀਂ ਹੋਇਆ ਅਤੇ ਹੁਣ ਤੱਕ ਉਸ ਇਲਾਕੇ ਵਿਚ ਪਹਿਲਾਂ ਹੋਏ ਵਿਕਾਸ ਕਾਰਜਾਂ ਦੇ ਬਿੱਲ ਬਣਾਉਣ ਦੇ ਨਾਂ ’ਤੇ ਕਮਿਸ਼ਨ ਇਕੱਠੀ ਕਰ ਰਿਹਾ ਹੈ।
ਉੱਪਰ ਤੱਕ ਪਹੁੰਚ ਰਿਹੈ ਹਿੱਸਾ
 ਜੂਨੀਅਰ ਇੰਜੀਨੀਅਰ ਵੱਲੋਂ ਟ੍ਰਾਂਸਫਰ ਹੋਣ ਦੇ ਬਾਵਜੂਦ ਬਣਾਏ ਜਾ ਰਹੇ ਬਿੱਲਾਂ ਨੂੰ ਬਾਕੀ ਦੇ ਅਧਿਕਾਰੀਆਂ ਵੱਲੋਂ ਪਾਸ ਕਰਨ ਤੋਂ ਸਾਫ ਹੋ ਗਿਆ ਹੈ ਕਿ ਹੁਣ ਤੱਕ ਜ਼ੋਨ-ਸੀ ਵਿਚ ਵਿਕਾਸ ਕਾਰਜਾਂ ਦੇ ਨਾਂ ’ਤੇ ਹੋ ਰਹੀ ਧਾਂਦਲੀ ਦਾ ਹਿੱਸਾ ਉੱਪਰ ਤੱਕ ਪੁੱਜਦਾ ਰਿਹਾ ਹੈ ਜਿਸ ਦੇ ਬਦਲੇ ਕਦੇ ਵੀ ਜ਼ੋਨ ਸੀ ਦੇ ਵਿਕਾਸ ਕਾਰਜਾਂ ਦੀ ਕ੍ਰਾਸ ਚੈਕਿੰਗ ਦੀ ਲੋਡ਼ ਨਹੀਂ ਸਮਝੀ ਗਈ।
ਰਿਕਾਰਡ ਦੀ ਚੈਕਿੰਗ ਤੋਂ ਹੋਵੇਗਾ ਖੁਲਾਸਾ
 ਇਹ ਅਧਿਕਾਰੀ ਬਦਲੇ ਜਾਣ ਤੋਂ ਪਹਿਲਾਂ ਦੇ ਪੀਰੀਅਡ ਵਿਚ ਬਿੱਲ ਬਣਾ ਰਿਹਾ ਹੈ, ਜਿਨ੍ਹਾਂ ਨੂੰ ਬਾਕੀ ਅਧਿਕਾਰੀਆਂ ਵੱਲੋਂ ਵੀ ਬੈਕ ਡੇਟ ਵਿਚ ਸਾਈਨ ਕੀਤਾ ਜਾ ਰਿਹਾ ਹੈ ਪਰ ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਦੇ ਕੋਲ ਤਾਂ ਇਹ ਬਿੱਲ ਹੁਣ ਪਾਸ ਹੋਣ ਲਈ ਜਾ ਸਕਦੇ ਹਨ ਜਿਸ ਨੂੰ ਲੈ ਕੇ ਰਿਕਾਰਡ ਦੀ ਚੈਕਿੰਗ ਕਰਨ ਤੋਂ ਸਾਰੀ ਤਸਵੀਰ ਸਾਫ ਹੋ ਸਕਦੀ ਹੈ ਕਿ ਇਹ ਬਿੱਲ ਇੰਨੇ ਦਿਨਾਂ ਤੱਕ ਕਿੱਥੇ ਅਟਕੇ ਰਹੇ।


Related News