ਕੰਗਾਲੀ ''ਚ ਨਿਗਮ ਦਾ ਆਟਾ ਗਿੱਲਾ 185 ਰੁਪਏ ਮਹਿੰਗੀ ਹੋਈ ਆਵਾਰਾ ਕੁੱਤਿਆਂ ਦੀ ਨਸਬੰਦੀ

Saturday, Dec 09, 2017 - 04:48 AM (IST)

ਕੰਗਾਲੀ ''ਚ ਨਿਗਮ ਦਾ ਆਟਾ ਗਿੱਲਾ 185 ਰੁਪਏ ਮਹਿੰਗੀ ਹੋਈ ਆਵਾਰਾ ਕੁੱਤਿਆਂ ਦੀ ਨਸਬੰਦੀ

ਲੁਧਿਆਣਾ(ਹਿਤੇਸ਼)-'ਕੰਗਾਲੀ ਦੇ ਦੌਰ 'ਚ ਆਟਾ ਗਿੱਲਾ' ਹੋਣ ਦੀ ਕਹਾਵਤ ਨਗਰ ਨਿਗਮ 'ਤੇ ਬਿਲਕੁਲ ਫਿੱਟ ਬੈਠਦੀ ਹੈ, ਕਿਉਂਕਿ ਜਦੋਂ ਮੁਲਾਜ਼ਮਾਂ ਨੂੰ ਤਨਖਾਹ ਦੇਣ ਅਤੇ ਰੋਜ਼ਾਨਾ ਦੇ ਖਰਚਿਆਂ ਤੋਂ ਇਲਾਵਾ ਵਿਕਾਸ ਕਾਰਜਾਂ ਲਈ ਪੈਸਾ ਨਹੀਂ ਹੈ। ਇਸ ਦੌਰ ਵਿਚ ਪੁਰਾਣੀ ਕੰਪਨੀ ਨੂੰ ਹੀ 185 ਰੁਪਏ ਮਹਿੰਗੇ ਰੇਟ 'ਤੇ ਆਵਾਰਾ ਕੁੱਤਿਆਂ ਦੀ ਨਸਬੰਦੀ ਦੇ ਦੂਜੇ ਪੜਾਅ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ, ਜਿਸ ਨੂੰ ਦੋ ਸਾਲ 'ਚ ਮੁਕੰਮਲ ਕਰਨ ਦਾ ਟਾਰਗੈੱਟ ਰੱਖਿਆ ਗਿਆ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਸਬੰਦੀ ਪ੍ਰਾਜੈਕਟ ਤਹਿਤ ਨਿਗਮ ਨੇ ਪਹਿਲਾਂ ਵੈਟਸ ਸੁਸਾਇਟੀ ਨਾਲ 760 ਰੁਪਏ ਦੇ ਹਿਸਾਬ ਨਾਲ ਐਗਰੀਮੈਂਟ ਕੀਤਾ ਹੋਇਆ ਸੀ, ਜਿਸ ਦੀ 2 ਸਾਲ ਦੀ ਮਿਆਦ 2500 ਕੁੱਤਿਆਂ ਦੀ ਨਸਬੰਦੀ ਤੋਂ ਬਾਅਦ ਮਈ ਵਿਚ ਖਤਮ ਹੋ ਗਈ ਸੀ ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਘੱਟ ਨਾ ਹੋਣ ਦੇ ਮੱਦੇਨਜ਼ਰ 25 ਹਜ਼ਾਰ ਅਤੇ ਕੁੱਤਿਆਂ ਦੀ ਨਸਬੰਦੀ ਦਾ ਦੂਜਾ ਪੜਾਅ ਵੀ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਗਿਆ।ਇਸ ਲਈ ਜਦੋਂ ਪੁਰਾਣੀ ਕੰਪਨੀ ਨੂੰ ਹੀ ਐਕਸਟੈਨਸ਼ਨ ਦੇਣ ਦੀ ਗੱਲ ਆਈ ਤਾਂ ਉਸ ਨੇ ਰੇਟ ਵਧਾਉਣ ਦੀ ਮੰਗ ਰੱਖ ਦਿੱਤੀ, ਜਿਸ ਨੂੰ ਨਵੇਂ ਸਿਰੇ ਤੋਂ ਟੈਂਡਰ ਲਾਏ ਬਿਨਾਂ ਮਨਜ਼ੂਰ ਨਾ ਕਰਨ ਦੀ ਮਜਬੂਰੀ ਦੱਸ ਕੇ ਐੱਫ. ਐਂਡ ਸੀ. ਸੀ. ਨੇ ਫਰੈੱਸ਼ ਪੇਸ਼ਕਸ਼ ਮੰਗਣ ਦਾ ਫੈਸਲਾ ਕੀਤਾ ਤਾਂ ਕਿ ਕੋਈ ਹੋਰ ਕੰਪਨੀ ਵੀ ਆ ਸਕੇ ਪਰ ਅਜਿਹਾ ਨਹੀਂ ਹੋਇਆ ਅਤੇ ਪਹਿਲੀ ਵਾਰ ਪੁਰਾਣੀ ਕੰਪਨੀ ਦਾ ਸਿੰਗਲ ਟੈਂਡਰ ਹੀ ਆਇਆ ਤੇ ਦੂਜੀ ਵਾਰ ਦੋ ਕੰਪਨੀਆਂ ਹੀ ਆਉਣ ਦੇ ਬਾਵਜੂਦ ਪੁਰਾਣੀ ਕੰਪਨੀ ਦਾ ਰੇਟ ਹੀ ਘੱਟ ਨਿਕਲਿਆ। ਇਸ ਸਬੰਧੀ ਪ੍ਰਸਤਾਵ ਵੀਰਵਾਰ ਨੂੰ ਹੋਈ ਟੈਕਨੀਕਲ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ 'ਚ ਪੇਸ਼ ਕੀਤਾ ਗਿਆ, ਜਿਥੋਂ ਪੁਰਾਣੀ ਕੰਪਨੀ ਨੂੰ ਹੀ ਪਹਿਲਾਂ ਤੋਂ 185 ਰੁਪਏ ਮਹਿੰਗੇ ਰੇਟ ਮਤਲਬ ਕਿ 945 ਰੁਪਏ ਦੇ ਹਿਸਾਬ ਨਾਲ ਕੰਮ ਅਲਾਟ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਕੰਪਨੀ ਦੇ ਨਾਲ ਰੇਟ ਘੱਟ ਕਰਨ ਲਈ ਕੋਈ ਨੈਗੋਸ਼ੀਏਸ਼ਨ ਤੱਕ ਨਹੀਂ ਕੀਤੀ ਗਈ। ਹਾਲਾਂਕਿ ਇਸ ਫੈਸਲੇ 'ਤੇ ਅਮਲ ਸਰਕਾਰ ਵੱਲੋਂ ਏਜੰਡਾ ਪਾਸ ਕਰਨ ਦੀ ਸੂਰਤ ਵਿਚ ਹੀ ਹੋ ਸਕੇਗਾ।
ਡਾਗ ਸ਼ੈਲਟਰ ਨੂੰ ਲੈ ਕੇ ਗਲਾਡਾ ਤੋਂ ਨਹੀਂ ਆਇਆ ਕੋਈ ਜਵਾਬ
ਆਵਾਰਾ ਕੁੱਤਿਆਂ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ ਉਨ੍ਹਾਂ ਦੀ ਨਸਬੰਦੀ ਕਰਨ ਤੋਂ ਇਲਾਵਾ ਇਕ ਪਹਿਲੂ ਇਹ ਵੀ ਹੈ ਕਿ ਬੇਸਹਾਰਾ ਅਤੇ ਬੀਮਾਰ ਕੁੱਤਿਆਂ ਨੂੰ ਰੱਖਣ ਲਈ ਡਾਗ ਸ਼ੈਲਟਰ ਵੀ ਬਣਾਇਆ ਜਾਵੇ। ਜਿਥੇ ਲੋਕ ਕੁੱਤਿਆਂ ਨੂੰ ਦੁੱਧ ਜਾਂ ਖਾਣ ਦਾ ਹੋਰ ਸਾਮਾਨ ਦੇ ਸਕਦੇ ਹਨ, ਜਿਸ ਡਾਗ ਸ਼ੈਲਟਰ ਦੀ ਉਸਾਰੀ ਕਰਨ ਦਾ ਜ਼ਿੰਮਾ ਗਲਾਡਾ ਨੂੰ ਸੌਂਪਿਆ ਗਿਆ ਸੀ।
ਇਸ ਸਬੰਧੀ ਐੱਫ. ਐਂਡ ਸੀ. ਸੀ. ਵਿਚ ਕਈ ਮਹੀਨੇ ਪਹਿਲਾਂ ਪ੍ਰਸਤਾਵ ਪਾਸ ਕਰ ਕੇ ਗਲਾਡਾ ਨੂੰ ਕਾਪੀ ਵੀ ਭੇਜ ਦਿੱਤੀ ਗਈ ਸੀ ਪਰ ਨਿਗਮ ਨੂੰ ਵਾਪਸ ਕੋਈ ਜਵਾਬ ਨਹੀਂ ਆਇਆ।
ਹੁਣ ਵਾਰਡ ਵਾਈਜ਼ ਚੱਲੇਗੀ ਮੁਹਿੰਮ
ਆਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਮੁਹਿੰਮ ਦੇ 2 ਸਾਲ ਬੀਤਣ 'ਤੇ ਵੀ ਕੋਈ ਨਤੀਜਾ ਸਾਹਮਣੇ ਨਾ ਆਉਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ, ਜਿਸ ਦੀ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਕੌਂਸਲਰਾਂ ਦੀ ਸਿਫਾਰਿਸ਼ 'ਤੇ ਇਕ ਤੋਂ ਦੂਜੇ ਇਲਾਕੇ ਵਿਚੋਂ ਕੁੱਤਿਆਂ ਨੂੰ ਫੜਨ ਵਿਚ ਹੀ ਕਾਫੀ ਸਮਾਂ ਨਿਕਲ ਗਿਆ। ਫਿਰ ਕੁੱਤਿਆਂ ਨੂੰ ਨਸਬੰਦੀ ਤੋਂ ਬਾਅਦ ਵਾਪਸ ਉਸੇ ਇਲਾਕੇ ਵਿਚ ਛੱਡਣ ਦਾ ਵੀ ਨਿਯਮ ਹੈ। ਹੁਣ ਯੋਜਨਾ ਦੇ ਦੂਜੇ ਪੜਾਅ ਵਿਚ ਨਿਗਮ ਨੇ ਫੈਸਲਾ ਕੀਤਾ ਹੈ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਬਾਹਰੀ ਇਲਾਕੇ ਤੋਂ ਸ਼ੁਰੂ ਕਰ ਕੇ ਵਾਰਡ ਵਾਈਜ਼ ਹੀ ਕੀਤਾ ਜਾਵੇਗਾ।
ਐਮਰਜੈਂਸੀ ਲਈ ਨਿਗਮ ਲਾਵੇ ਆਪਣੀ ਗੱਡੀ
ਆਮ ਤੌਰ 'ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਤੇ ਆਵਾਰਾ ਕੁੱਤਿਆਂ ਵੱਲੋਂ ਵੱਢਣ ਦੀ ਸ਼ਿਕਾਇਤ ਮਿਲਣ 'ਤੇ ਟੀਮ ਨੂੰ ਉਸ ਇਲਾਕੇ ਵਿਚ ਪਹਿਲਾ ਜਾਣ ਲਈ ਕਿਹਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਰੁਟੀਨ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਦੇ ਮੱਦੇਨਜ਼ਰ ਨਿਗਮ ਵੱਲੋਂ ਹੁਣ ਐਮਰਜੈਂਸੀ ਲਈ ਆਪਣੀ ਗੱਡੀ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਤਹਿਤ ਸ਼ਿਕਾਇਤ ਦਰਜ ਕਰਵਾਉਣ ਲਈ ਬਕਾਇਦਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ।
ਇਨਫ੍ਰਾਸਟਰੱਕਚਰ ਦੀ ਕਮੀ ਕਾਰਨ ਨਹੀਂ ਪੂਰਾ ਹੋ ਰਿਹਾ ਟਾਰਗੈੱਟ
ਨਿਗਮ ਨੇ ਸ਼ੁਰੂਆਤੀ ਦੌਰ ਵਿਚ ਕੰਪਨੀ ਨੂੰ ਰੋਜ਼ਾਨਾ 40 ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦਾ ਟਾਰਗੈੱਟ ਦਿੱਤਾ ਸੀ ਅਤੇ ਅੱਗੇ ਚੱਲ ਕੇ ਇਹ ਟਾਰਗੈੱਟ ਦੁੱਗਣਾ ਕਰਨ ਦਾ ਪਹਿਲੂ ਵੀ ਐਗਰੀਮੈਂਟ ਵਿਚ ਸ਼ਾਮਲ ਸੀ ਪਰ ਉਸ 'ਤੇ ਅਮਲ ਤਾਂ ਕੀ ਹੋਣਾ ਸੀ, ਰੋਜ਼ਾਨਾ ਹੋਣ ਵਾਲੀ ਕੁੱਤਿਆਂ ਦੀ ਨਸਬੰਦੀ ਦਾ ਅੰਕੜਾ 30 ਤੋਂ 35 ਦੇ ਵਿਚ ਹੀ ਅਟਕ ਕੇ ਰਹਿ ਗਿਆ, ਜਿਸ ਲਈ ਹਸਪਤਾਲ ਵਿਚ ਜਗ੍ਹਾ ਅਤੇ ਢਾਂਚੇ ਦੀ ਕਮੀ ਦਾ ਹਵਾਲਾ ਦਿੱਤਾ ਜਾਂਦਾ ਹੈ।
ਪੇਮੈਂਟ ਦੀ ਕਮੀ 'ਚ ਠੱਪ ਹੋ ਸਕਦਾ ਹੈ ਕੰਮ
ਚਾਹੇ ਨਿਗਮ ਨੇ ਰੇਟ ਵਧਾ ਕੇ ਪੁਰਾਣੀ ਕੰਪਨੀ ਨੂੰ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦਾ ਕੰਮ ਦੇ ਦਿੱਤਾ ਹੈ ਪਰ ਉਸ ਕੰਪਨੀ ਦੀ ਪਿਛਲੇ 6 ਮਹੀਨੇ ਦੀ ਪੇਮੈਂਟ ਰੁਕੀ ਹੋਈ ਹੈ, ਜੋ ਕੰਪਨੀ ਲਗਾਤਾਰ ਪੈਸਾ ਜਾਰੀ ਕਰਨ ਲਈ ਨਿਗਮ ਪ੍ਰਸ਼ਾਸਨ 'ਤੇ ਦਬਾਅ ਬਣਾ ਰਹੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਕੰਮ ਠੱਪ ਹੋ ਸਕਦਾ ਹੈ।


Related News