ਨਗਰ ਕੌਂਸਲ ਦੀ ਖੁੱਲ੍ਹੀ ਪੋਲ ਕੰਕਰੀਟ ਸੜਕ ''ਤੇ ਨਿਕਲੇ ਸਰੀਏ
Sunday, Jul 23, 2017 - 12:17 AM (IST)
ਫ਼ਿਰੋਜ਼ਪੁਰ (ਸ਼ੈਰੀ, ਪਰਮਜੀਤ)—ਸ਼ਹਿਰ ਦੇ ਜ਼ੀਰਾ ਗੇਟ ਲਵਕੁਸ਼ ਚੌਕ ਤੋਂ ਮੇਨ ਰੋਡ ਨੂੰ ਜਾਣ ਵਾਲੀ ਸੜਕ ਦੀ ਸ਼ੁਰੂਆਤ ਸਮੇਂ ਹੀ ਮਾੜੀ ਹਾਲਤ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬਬੂ ਪ੍ਰਧਾਨ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਕਰੀਬ ਸਾਲ ਕੂ ਪਹਿਲਾਂ ਬਣਾਈ ਗਈ ਕੰਕਰੀਟ ਸੜਕ ਦੀ ਅੱਜ ਹਾਲਤ ਹੱਦੋਂ ਵੱਧ ਤਰਸਯੋਗ ਹੈ। ਇਸ 'ਤੇ ਥਾਂ-ਥਾਂ ਟੋਏ ਪਏ ਹਨ ਤੇ ਸੜਕ ਨੂੰ ਬਣਾਉਣ ਸਮੇਂ ਪਾਏ ਗਏ ਸਰੀਏ ਹੁਣ ਬਾਹਰ ਨਿਕਲ ਕੇ ਰਾਹਗੀਰਾਂ ਨੂੰ ਹਾਦਸੇ ਦਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਕਰੀਬ 20 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਇਸ ਤੋਂ ਇਲਾਵਾ ਡੀ. ਸੀ. ਮਾਡਲ ਇੰਟਰਨੈਸ਼ਨਲ ਸਕੂਲ, ਕੇਰਲ ਕਾਨਵੈਂਟ ਸਕੂਲ, ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੇ ਵਿਦਿਆਰਥੀ ਤੇ ਸਟਾਫ ਵੀ ਇਸ ਤਰਸਯੋਗ ਸੜਕ ਤੋਂ ਲੰਘਦੇ ਸਮੇਂ ਪ੍ਰੇਸ਼ਾਨ ਹੁੰਦੇ ਹਨ। ਇਸ ਬਾਰੇ ਨਗਰ ਕੌਂਸਲ ਫ਼ਿਰੋਜ਼ਪੁਰ ਨੂੰ ਕਈ ਵਾਰ ਜ਼ੁਬਾਨੀ ਕਲਾਮੀ ਦੱਸਿਆ ਗਿਆ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ। ਬਬੂ ਪ੍ਰਧਾਨ ਨੇ ਤੇ ਰਾਹਗੀਰਾਂ ਨੇ ਜ਼ਿਲਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਤੋਂ ਮੰਗ ਕੀਤੀ ਕਿ ਇਸ ਸੜਕ ਵਿਚ ਜਲਦ ਤੋਂ ਜਲਦ ਸੁਧਾਰ ਕਰਨ ਲਈ ਠੋਸ ਕਦਮ ਚੁੱਕੇ ਜਾਣ।
