ਸਿਰ 'ਚ ਲੱਗੀਆਂ ਤਿੰਨ ਗੋਲੀਆਂ, ਖੁਦ ਕਾਰ ਚਲਾ ਕੇ ਮਾਂ ਸਣੇ ਥਾਣੇ ਪੁੱਜੀ ਧੀ

Thursday, Jan 16, 2020 - 02:54 PM (IST)

ਸਿਰ 'ਚ ਲੱਗੀਆਂ ਤਿੰਨ ਗੋਲੀਆਂ, ਖੁਦ ਕਾਰ ਚਲਾ ਕੇ ਮਾਂ ਸਣੇ ਥਾਣੇ ਪੁੱਜੀ ਧੀ

ਸ੍ਰੀ ਮੁਕਤਸਰ ਸਾਹਿਬ (ਬਿਊਰੋ) - ਮੁਕਤਸਰ ਦੇ ਪਿੰਡ ਸੰਮੇਵਾਲੀ ’ਚ ਰਹਿ ਰਹੇ ਇਕ ਪੋਤੇ ਵਲੋਂ ਆਪਣੀ ਦਾਦੀ ਅਤੇ ਭੂਆ ’ਤੇ ਪਿਸਤੌਲ ਨਾਲ 6 ਫਾਇਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਭੂਆ ਸੁਮੀਤ ਕੌਰ ਦੇ ਸਿਰ ’ਚ ਮੁੰਡੇ ਵਲੋਂ 3 ਤੇ ਮੂੰਹ ’ਤੇ 1 ਗੋਲੀ ਮਾਰੀ ਗਈ, ਜਦਕਿ ਦਾਦੀ ਸੁਖਜਿੰਦਰ ਕੌਰ ਦੀ ਲੱਤ ’ਚ ਦੋ ਗੋਲੀਆਂ ਵੱਜੀਆਂ, ਜਿਸ ਕਾਰਨ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਈਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੋਲੀਆਂ ਲੱਗਣ ਦੇ ਬਾਵਜੂਦ ਗੰਭੀਰ ਤੌਰ ’ਤੇ ਜ਼ਖ਼ਮੀ ਹੋਈ ਮੁੰਡੇ ਦੀ ਭੂਆ ਸੁਮੀਤ ਕੌਰ ਆਪ ਕਾਰ ਚਲਾ ਕੇ ਆਪਣੀ ਮਾਂ ਸਣੇ ਥਾਣੇ ਪੁੱਜੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਮੁਕਤਸਰ ਦੇ ਹਸਪਤਾਲ ਦਾਖਲ ਕਰਵਾਇਆ, ਜਿਥੋ ਦੇ ਡਾਕਟਰਾਂ ਨੇ ਅਪਰੇਸ਼ਨ ਕਰਕੇ ਉਨ੍ਹਾਂ ਦੀਆਂ ਗੋਲੀਆਂ ਕੱਢੀਆਂ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਨੇ ਦੱਸਿਆ ਕਿ 3 ਗੋਲੀਆਂ ਖੋਪੜੀ ’ਚ ਫਸੀਆਂ ਹੋਈਆਂ ਸਨ ਤੇ 1 ਗੋਲੀ ਮੂੰਹ ’ਚ ਵੱਜ ਕੇ ਪਿੱਛੇ ਗਰਦਨ ’ਤ ਜਾ ਫ਼ਸੀ, ਜਿਸ ਦੇ ਬਾਵਜੂਦ ਜ਼ਖ਼ਮੀ ਔਰਤ ਪੂਰੇ ਹੋਸ਼ ’ਚ ਸੀ।

ਜਾਣਕਾਰੀ ਅਨੁਸਾਰ ਨਾਬਾਲਗ ਕੰਵਰਜੀਤ ਸਿੰਘ (17) ਆਪਣੇ ਪਿਤਾ ਹਰਿੰਦਰ ਸਿੰਘ ਨਾਲ ਮੁਕਤਸਰ ਰਹਿੰਦਾ ਸੀ। ਉਸ ਦੀ ਦਾਦੀ ਉਸ ਦੀ ਤਲਾਕਸ਼ੁਦਾ ਭੂਆ ਨਾਲ ਪਿੰਡ ਸੰਮੇਵਾਲੀ ਰਹਿੰਦੀ ਸੀ, ਜਿਨ੍ਹਾਂ ’ਚ ਜ਼ਮੀਨ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਮੰਗਲਵਾਰ ਦੀ ਰਾਤ ਦਾਦੀ ਕੋਲ ਗਏ ਕੰਵਰਜੀਤ ਦਾ ਜ਼ਮੀਨ ਦੇ ਮਸਲੇ ਨੂੰ ਲੈ ਕੇ ਦਾਦੀ ਅਤੇ ਭੂਆ ਨਾਲ ਟਕਰਾਅ ਹੋ ਗਿਆ ਅਤੇ ਗੁੱਸੇ ’ਚ ਆਏ ਪੋਤੇ ਨੇ ਆਪਣੀ ਗੱਡੀ ’ਚੋਂ ਪਿਸਤੌਲ ਕੱਢ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਦੋਸ਼ੀ ਦੀ ਭਾਲ ਜਾਰੀ ਕਰਨ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਸਤੌਲ ਨਾਬਾਲਗ ਕੋਲ ਕਿਵੇਂ ਆਇਆ।  


author

rajwinder kaur

Content Editor

Related News