ਹੜ੍ਹ ਪ੍ਰਭਾਵਿਤ ਪਿੰਡਾਂ 'ਚ ਰੈਸਕਿਊ ਕਰਨ ਪੁੱਜੇ ਸੁਸ਼ੀਲ ਰਿੰਕੂ, ਬੱਚਿਆਂ ਨੂੰ ਗੋਦੀ 'ਚ ਚੁੱਕ ਸੁਰੱਖਿਅਤ ਥਾਂ 'ਤੇ ਪਹੁੰਚ
Monday, Jul 10, 2023 - 06:42 PM (IST)
ਜਲੰਧਰ/ਉੱਚਾ ਖੇੜਾ ਬੇਟ/ਫਿਲੌਰ (ਵੈੱਬ ਡੈਸਕ)- ਪੰਜਾਬ ਵਿਚ ਹੋ ਰਹੀ ਭਾਰੀ ਬਾਰਿਸ਼ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਇਸ ਦਾ ਅਸਰ ਜਲੰਧਰ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਭਾਰੀ ਮੀਂਹ ਕਾਰਨ ਬੀਤੀ ਰਾਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਸ ਅਕੈਡਮੀ ਫਿਲੌਰ ਦੇ ਪਿਛਲੇ ਪਾਸੇ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ। ਤਹਿਸੀਲ ਫਿਲੌਰ ਦੇ ਸਤਲੁਜ ਨੇੜਲੇ ਪਿੰਡ ਖਹਿਰਾ ਬੇਟ ਵਿਖੇ ਪਾਣੀ ਭਰਨ ਕਾਰਨ ਫਸੇ ਲੋਕਾਂ ਨੂੰ ਬਾਹਰ ਕੱਢਣ ਦੌਰਾਨ ਬਚਾਅ ਅਮਲਾ, ਮੁਲਾਜ਼ਮ ਅਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਖ਼ੁਦ ਜੁਟ ਗਏ ਹਨ।
ਇਸ ਦੌਰਾਨ ਸੁਸ਼ੀਲ ਰਿੰਕੂ ਇਕ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਲਿਜਾਂਦੇ ਵਿਖਾਈ ਦਿੱਤੇ। ਸੁਸ਼ੀਲ ਰਿੰਕੂ ਬੱਚਿਆਂ ਨੂੰ ਗੋਦੀ ਵਿਚ ਚੁੱਕ ਕੇ ਹੜ੍ਹ ਪ੍ਰਭਾਵਿਤ ਖੇਤਰ ਵਿਚੋਂ ਬਾਹਰ ਲੈ ਕੇ ਆਏ। ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਦੋਵੇਂ ਫਿਲੌਰ ਸਬ ਡਿਵੀਜ਼ਨ ਵਿੱਚ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ ਕਿ ਜਦੋਂ ਉਨ੍ਹਾਂ ਨੂੰ ਸਤਲੁਜ ਦੇ ਕੰਢੇ ਪਿੰਡ ਉੱਚਾ ਖੇੜਾ ਬੇਟ ਵਿੱਚ ਇੱਕ ਪਰਿਵਾਰ ਦੇ ਫਸੇ ਹੋਣ ਬਾਰੇ ਐਮਰਜੈਂਸੀ ਸੰਦੇਸ਼ ਮਿਲਿਆ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਰਕੇ ਪਰਿਵਾਰ ਨੂੰ ਜਲਦ ਤੋਂ ਜਲਦ ਬਚਾਉਣ ਦੀ ਲੋੜ ਹੈ। ਭਾਵੇਂ ਕੁਝ ਜੂਨੀਅਰ ਅਧਿਕਾਰੀਆਂ ਵੱਲੋਂ ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਇਹ ਪਿੰਡ ਲੁਧਿਆਣਾ ਵਿੱਚ ਪੈਂਦਾ ਹੈ ਪਰ ਕਿਉਂਕਿ ਇਹ ਪਿੰਡ ਉਕਤ ਜ਼ਿਲ੍ਹੇ ਨਾਲੋਂ ਕਟ ਗਿਆ ਸੀ, ਇਸ ਲਈ ਦੋਵਾਂ ਨੇ ਕੀਮਤੀ ਜਾਨਾਂ ਬਚਾਉਣ ਲਈ ਸਰਕਾਰੀ ਤੰਤਰ ਨੂੰ ਹਰਕਤ ਵਿੱਚ ਲਿਆਂਦਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ
ਸਤਲੁਜ ਵਿੱਚ ਆਏ ਉਫਾਨ ਫਸੇ ਪਰਿਵਾਰ ਨੂੰ ਬਚਾਉਣ ਲਈ ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਖੁਦ ਐਨ.ਡੀ.ਆਰ.ਐਫ. ਦੀ ਟੀਮ ਨਾਲ ਕਿਸ਼ਤੀ ਵਿੱਚ ਗਏ। ਜਦੋਂ ਦੋਵੇਂ ਮੌਕੇ 'ਤੇ ਪਹੁੰਚੇ ਤਾਂ ਪਰਿਵਾਰ ਨੇ ਆਪਣਾ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ । ਸੰਸਦ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਪਰਿਵਾਰ ਨੂੰ ਉਨ੍ਹਾਂ ਦੇ ਨਾਲ ਚੱਲਣ ਲਈ ਪ੍ਰੇਰਿਆ ਕਿਉਂਕਿ ਪਰਿਵਾਰ ਦੀਆਂ ਕੀਮਤੀ ਜਾਨਾਂ ਬਚਾਉਣਾ ਸਮੇਂ ਦੀ ਮੁੱਖ ਲੋੜ ਸੀ। ਇਸ ਦੌਰਾਨ ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਦੋਵਾਂ ਨੇ ਕਿਹਾ ਕਿ ਇਹ ਜ਼ਿਲ੍ਹਿਆਂ ਜਾਂ ਅਧਿਕਾਰ ਖੇਤਰ ਦੀ ਗੱਲ ਨਹੀਂ ਹੈ, ਫਿਲਹਾਲ ਮਨੁੱਖਤਾ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਪਿੰਡ ਲੁਧਿਆਣਾ ਨਾਲੋਂ ਕਟ ਗਿਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਜਲੰਧਰ ਪ੍ਰਸ਼ਾਸਨ ਦੇ ਨੰਬਰਾਂ 'ਤੇ ਫੋਨ ਕੀਤਾ ਗਿਆ, ਇਸ ਲਈ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਹੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਕਈ ਖੇਤਰਾਂ 'ਚ ਬਣੀ 1988 'ਚ ਆਏ ਹੜ੍ਹ ਵਾਲੀ ਸਥਿਤੀ, ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ
ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦਾ ਫਰਜ਼ ਹੈ ਅਤੇ ਉਹ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਇਸ ਔਖੀ ਘੜੀ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਵਿਆਪਕ ਸਿਸਟਮ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਹੜ੍ਹ ਦੀ ਸਥਿਤੀ ਨੂੰ ਵੇਖਦੇ ਹੋਏ ਫ਼ੌਜ ਨੂੰ ਚੌਕਸ ਰਹਿਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਲੋਹੀਆਂ ਦੇ ਜਾਣੀਆਂ ਚਾਹਲ ਵਿਖੇ ਬੰਨ੍ਹ ਦੀ ਨਾਜ਼ੁਕ ਹਾਲਤ ਨੂੰ ਲੈ ਕੇ ਉਥੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਹਨ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ
ਪੰਜਾਬ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੌਰਾਨ ਜਿੱਥੇ ਸੂਬੇ 'ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ, ਉੱਥੇ ਹੀ ਹੁਣ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਘੰਟੇ ਭਾਰੀ ਮੀਂਹ ਅਤੇ ਝੱਖੜ ਦੀ ਚਿਤਾਵਨੀ ਦਿੱਤੀ ਗਈ ਹੈ। ਮਾਲਵੇ ਦੇ 9 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਤਿੰਨ ਘੰਟੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਦੋਆਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਟਿਆਲਾ, ਮੋਹਾਲੀ ਵਿਚ ਜ਼ਬਰਦਸਤ ਮੀਂਹ ਦੇ ਆਸਾਰ ਦੱਸੇ ਜਾ ਰਹੇ ਹਨ। ਚੰਡੀਗੜ੍ਹ ਵਿਚ ਵੀ ਭਾਰੀ ਮੀਂਹ ਦਾ ਅਲਰਟ ਕਰ ਦਿੱਤਾ ਗਿਆ ਹੈ। ਦੋਆਬੇ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਮਾਲਵੇ ਦੇ ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ , ਰੋਪੜ, ਪਟਿਆਲਾ ਅਤੇ ਮੋਹਾਲੀ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮਾਨਸੂਨ ਜੁਲਾਈ ਦੇ ਦੂਜੇ ਹਫ਼ਤੇ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ’ਚ 15 ਜੁਲਾਈ ਤੱਕ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਆਸਾਰ ਹਨ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਜ਼ਰੂਰੀ ਕੰਮ ਦੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਜਿੱਥੇ ਤੱਕ ਹੋ ਸਕੇ, ਦੂਰ ਦਾ ਸਫ਼ਰ ਕਰਨ ਤੋਂ ਪਰਹੇਜ਼ ਕਰਨ।
ਦੱਸ ਦੇਈਏ ਕਿ ਬੀਤੇ 24 ਘੰਟਿਆ ਦੌਰਾਨ ਪੰਜਾਬ ’ਚ 28 ਸੈਂਟੀਮੀਟਰ ਤੱਕ ਦੀ ਬਾਰਸ਼ ਦਰਜ ਕੀਤੀ ਗਈ ਹੈ। ਨੰਗਲ 28 ਸੈਂਟੀਮੀਟਰ, ਰੋਪੜ , ਬਲੋਵਾਲ, ਸੋਂਕਰੀ 27 ਸੈਂਟੀਮੀਟਰ, ਟਿਬਰੀ 25 ਸੈਂਟੀਮੀਟਰ, ਗੁਰਦਾਸਪੁਰ 21 ਸੈਂਟੀਮੀਟਰ, ਮਾਧੋਪੁਰ, ਆਨੰਦਪੁਰ ਸਾਹਿਬ 19 ਸੈਂਟੀਮੀਟਰ, ਧਾਰੀਵਾਲ 17 ਸੈਂਟੀਮੀਟਰ, ਮਲਿਕਪੁਰ 15, ਖਰੜ, ਨਵਾਸ਼ਹਿਰ, ਸ਼ਾਹਪੁਰ ਕੰਡੀ 14 ਸੈਂਟੀਮੀਟਰ, ਤਰਨਤਾਰਨ, ਗੜ੍ਹਸ਼ੰਕਰ 12 ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਬਾਰਸ਼ ਹੋਈ ਹੈ।
13 ਜੁਲਾਈ ਤੱਕ ਸੂਬੇ ਦੇ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ
ਪੰਜਾਬ ’ਚ ਲਗਾਤਾਰ ਖ਼ਰਾਬ ਹੋ ਰਹੇ ਮੌਸਮ ਨੂੰ ਦੇਖਦੇ ਹੋਏ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ 13 ਜੁਲਾਈ ਤੱਕ ਸੂਬੇ ਭਰ ਦੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਿਤੀ 13 ਜੁਲਾਈ 2023 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711