ਭੈਣ-ਭਰਾ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 21 ਲੱਖ ਠੱਗੇ

Tuesday, Jul 31, 2018 - 02:11 AM (IST)

ਭੈਣ-ਭਰਾ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 21 ਲੱਖ ਠੱਗੇ

 ਮੋਗਾ,   (ਅਾਜ਼ਾਦ)- ਫਿਰੋਜ਼ਪੁਰ ਜ਼ਿਲੇ ਦੇ ਪਿੰਡ ਵਕੀਲਾਂ ਵਾਲਾ ਨਿਵਾਸੀ ਜਸਕਰਨ ਸਿੰਘ ਨੇ ਮੋਗਾ ਦੇ ਇਕ ਟਰੈਵਲ ਏਜੰਟ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਉਸ ਨੂੰ ਅਤੇ ਉਸ ਦੀ ਭੈਣ ਨੂੰ ਮਲਟੀਪਲ ਵੀਜ਼ੇ ਦੇ ਅਾਧਾਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 21 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਟਰੈਵਲ ਏਜੰਟ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

 ਕੀ ਹੈ ਸਾਰਾ ਮਾਮਲਾ
 ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਜਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਉਸ ਦੀ ਪਛਾਣ ਹਰਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਵਕੀਲਾਂ ਵਾਲਾ ਹਾਲ ਅਾਬਾਦ ਆਦਰਸ਼ ਨਗਰ ਜ਼ੀਰਾ ਨਾਲ ਸੀ। ਉਸ ਨੇ ਮੈਨੂੰ ਕਿਹਾ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਅਤੇ ਉਸ ਨਾਲ ਜਸਕਰਨ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਟੀਚਰ ਕਾਲੋਨੀ ਮੋਗਾ, ਰਣਜੀਤ ਸਿੰਘ ਮੱਟੂ ਪੁੱਤਰ ਫਤਿਹ ਸਿੰਘ ਨਿਵਾਸੀ ਪਿੰਡ ਡਾਲਾ ਵੀ ਹਿੱਸੇਦਾਰ ਹਨ ਅਤੇ ਉਨ੍ਹਾਂ ਦਾ ਮੋਗਾ ’ਚ ਇਮੀਗ੍ਰੇਸ਼ਨ ਅਤੇ ਆਈਲੈਟਸ ਦਫਤਰ ਸਬ ਜੇਲ ਮੋਗਾ ਕੋਲ ਹੈ। ਉਸ ਨੇ ਮੈਨੂੰ ਵਿਦੇਸ਼ ਜਾਣ ਦੀ ਜਾਣਕਾਰੀ ਦਿੱਤੀ ਅਤੇ ਉਹ ਉਸ ਨੂੰ ਮਲਟੀਪਰਪਜ਼ ਵੀਜ਼ਾ ਦੇ ਅਾਧਾਰ ’ਤੇ ਕੈਨੇਡਾ ਭੇਜ ਦੇਣਗੇ, ਜਿਸ ’ਤੇ ਅਸੀਂ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ ਅਤੇ ਉਨ੍ਹਾਂ ਦੇ ਮੋਗਾ ਵਿਚ ਸਥਿਤ ਦਫਤਰ ’ਚ ਆਪਣੇ ਪਿਤਾ ਸਮੇਤ ਪਹੁੰਚੇ ਤਾਂ ਉਥੇ ਏਜੰਟ ਰਣਜੀਤ ਸਿੰਘ ਨੂੰ ਮਿਲੇ ਅਤੇ ਉਥੇ ਹਰਮਨਦੀਪ ਸਿੰਘ ਅਤੇ ਜਸਕਰਨ ਸਿੰਘ ਅਤੇ ਕੁੱਝ ਹੋਰ ਉਨ੍ਹਾਂ ਦੇ ਸਾਥੀ ਮੌਜੂਦ ਸਨ। ਉਨ੍ਹਾਂ ਸਾਨੂੰ ਕਿਹਾ ਕਿ ਕੈਨੇਡਾ ਮਲਟੀਪਰਪਜ਼ ਵੀਜ਼ਾ ਦੇ ਅਾਧਾਰ ’ਤੇ ਜਾਣ ਲਈ 17 ਲੱਖ ਰੁਪਏ ਵਿਅਕਤੀ ਖਰਚ ਆਵੇਗਾ, ਜਿਸ ’ਤੇ ਮੈਂ  ਤੇ  ਮੇਰੀ ਭੈਣ ਵੀਰਪਾਲ ਕੌਰ ਨੇ ਆਪਣਾ ਅਸਲ ਪਾਸਪੋਰਟ ਅਤੇ ਹੋਰ ਦਸਤਾਵੇਜ਼ ਉਨ੍ਹਾਂ ਨੂੰ ਦੇ ਦਿੱਤੇ ਅਤੇ ਤਿੰਨ ਲੱਖ ਰੁਪਏ ਨਕਦ 3 ਮਈ, 2017 ਨੂੰ ਜਮ੍ਹਾ ਕਰਵਾ ਦਿੱਤੇ।  ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਸਾਡੇ ਤੋਂ 21 ਲੱਖ ਰੁਪਏ ਵੱਖ-ਵੱਖ ਤਰੀਕਾਂ ’ਚ ਆਪਣੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਵਾਉਣ ਲਈ ਨਕਦ ਲੈ ਲਏ। ਇਸ ਤੋਂ ਬਾਅਦ  ਉਨ੍ਹਾਂ ਮੇਰਾ ਪਾਸਪੋਰਟ ਤੇ ਕੈਨੇਡਾ ਦਾ ਵੀਜ਼ਾ ਲਵਾ ਦਿੱਤਾ, ਜੋ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਕਤ ਵੀਜ਼ਾ ਜਾਅਲੀ ਹੈ। ਸਾਨੂੰ ਉਹ ਦਿੱਲੀ ਵੀ ਲੈ ਗਿਆ ਅਤੇ ਹੋਟਲ ’ਚ ਰੱਖਿਆ ਅਤੇ ਉਥੋਂ ਤੰਗ-ਪ੍ਰੇਸ਼ਾਨ ਕਰ ਕੇ ਸਾਨੂੰ ਵਾਪਸ ਭੇਜ ਦਿੱਤਾ। ਇਸ ਦੇ ਬਾਅਦ ਮੇਰੇ ਪਿਤਾ ਪਰਮਜੀਤ ਸਿੰਘ ਨੇ ਰਣਜੀਤ ਸਿੰਘ ਦੇ ਦਫਤਰ ’ਚ ਆ ਕੇ ਪੈਸੇ ਤੇ ਪਾਸਪੋਰਟ ਵਾਪਸ ਕਰਨ ਲਈ ਕਿਹਾ ਪਰ ਉਨ੍ਹਾਂ ਨਾ ਤਾਂ ਪਾਸਪੋਰਟ ਵਾਪਸ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਡੇ ਨਾਲ 21 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।

 ਕੀ ਹੋਈ ਪੁਲਸ ਕਾਰਵਾਈ
 ਜ਼ਿਲਾ ਪੁਲਸ ਮੁਖੀ ਮੋਗਾ ਦੇ ਹੁਕਮਾਂ ’ਤੇ ਇਸ ਦੀ ਜਾਂਚ ਐਂਟੀ ਹਿਊਮਨ ਟ੍ਰੈਫੀਕਿੰਗ ਸੈੱਲ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ  ਗਿਆ। ਜਾਂਚ ਅਧਿਕਾਰੀ ਨੇ ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ਾਂ ਨੂੰ ਸਹੀ ਪਾਇਆ ਅਤੇ ਕਥਿਤ ਦੋਸ਼ੀਆਂ ਹਰਮਨਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਵਕੀਲਾਂ ਵਾਲਾ ਹਾਲ ਅਾਬਾਦ ਆਦਰਸ਼ ਨਗਰ ਜ਼ੀਰਾ, ਜਸਕਰਨ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਟੀਚਰ ਕਾਲੋਨੀ ਮੋਗਾ, ਰਣਜੀਤ ਸਿੰਘ ਪੁੱਤਰ ਫਤਿਹ ਸਿੰਘ ਨਿਵਾਸੀ ਪਿੰਡ ਡਾਲਾ  ਖਿਲਾਫ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਐਂਟੀ ਹਿਊਮਨ ਸੈਲ ਟ੍ਰੈਫੀਕਿੰਗ ਮੋਗਾ ਦੇ ਇੰਚਾਰਜ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


Related News