ਮੋਟਰਸਾਈਕਲ ਗਾਂ ’ਚ ਵੱਜਿਆ, ਨੌਜਵਾਨ ਜ਼ਖਮੀ
Tuesday, Aug 21, 2018 - 05:56 AM (IST)
ਗੁਰਾਇਆ, (ਜ. ਬ.)- ਇਕ ਪਾਸੇ ਪੰਜਾਬ ਸਰਕਾਰ ਵੱਲੋਂ ਗਊ ਰੱਖਿਆ ਦੇ ਨਾਂ ’ਤੇ ਬਿਜਲੀ ਬਿੱਲਾਂ ਤੇ ਹੋਰ ਸਰੋਤਾਂ ਰਾਹੀਂ ਦੇਸ਼ ਵਾਸੀਆਂ ’ਤੇ ਵਾਧੂ ਬੋਝ ਪਾ ਕੇ ਹਰ ਮਹੀਨੇ ਕਰੋਡ਼ਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਬੇਸਹਾਰਾ ਘੁੰਮ ਰਹੇ ਪਸ਼ੂਅਾਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ ਅਤੇ ਇਹ ਅਾਵਾਰਾ ਘੁੰਮਦੇ ਪਸ਼ੂ ਕਿਸੇ ਦਾ ਨੁਕਸਾਨ ਨਾ ਕਰਨ ਪਰ ਇਸ ਦੇ ਬਾਵਜੂਦ ਇਹ ਬੇਸਹਾਰਾ ਪਸ਼ੂ ਅਕਸਰ ਰਸਤੇ ਅਤੇ ਸਡ਼ਕਾਂ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਪਸ਼ੂਆਂ ਕਾਰਨ ਰੋਜ਼ਾਨਾ ਹੀ ਐਕਸੀਡੈਂਟ ਹੋ ਰਹੇ ਹਨ। ਬੀਤੇ ਦਿਨ ਦੁਸਾਂਝ ਕਲਾਂ ਦੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਰਸਤੇ ਵਿਚ ਘੁੰਮਦੀ ਗਾਂ ਨਾਲ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਅਾਂ। ਜ਼ਖਮੀ ਜਤਿੰਦਰ ਕੁਮਾਰ ਪੁੱਤਰ ਨਿਰਮਲ ਕੁਮਾਰ ਵਾਸੀ ਬਾਹਰਲੀ ਅਾਬਾਦੀ ਦੁਸਾਂਝ ਕਲਾਂ ਨੇ ਦੱਸਿਆ ਕਿ ਉਹ ਬੀਤੇ ਦਿਨ ਸ਼ਾਮ ਕਰੀਬ ਸਾਢੇ ਸੱਤ ਵਜੇ ਬੋਪਾਰਾਏ ਤੋਂ ਨਹਿਰ ਵਾਲੇ ਰਸਤੇ ਆ ਰਿਹਾ ਸੀ ਕਿ ਅਚਾਨਕ ਝਾਡ਼ੀਆਂ ’ਚੋਂ ਨਿਕਲ ਕੇ ਇਕ ਗਾਂ ਮੋਟਰਸਾਈਕਲ ਅੱਗੇ ਆ ਗਈ ਅਤੇ ਟੱਕਰ ਹੋ ਗਈ, ਜਿਸ ਕਾਰਨ ਉਹ ਡਿੱਗ ਗਿਆ ਅਤੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਰਾਹਗੀਰਾਂ ਨੇ ਫਗਵਾਡ਼ਾ ਹਸਪਤਾਲ ਵਿਖੇ ਭਰਤੀ ਕਰਵਾਇਆ। ਜ਼ਖਮੀ ਨੇ ਦੱਸਿਆ ਕਿ ਉਸ ਦੇ ਕਮਾਉਣ ਨਾਲ ਹੀ ਘਰ ਦਾ ਗੁਜ਼ਾਰਾ ਚਲ ਰਿਹਾ ਹੈ। ਉਸ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਇਲਾਜ ਲਈ ਖਰਚਾ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
