ਮਾਂ ਵੈਸ਼ਣੋ ਦੇਵੀ ਤੀਰਥ ਯਾਤਰਾ ''ਤੇ ਜਾ ਰਹੀ ਬੱਸ ਨੂੰ ਜ਼ਬਤ ਕਰਨ ਤੋਂ ਭੜਕੇ ਸ਼ਰਧਾਲੂ
Wednesday, Jul 19, 2017 - 11:16 AM (IST)
ਪਠਾਨਕੋਟ/ਸੁਜਾਨਪੁਰ(ਸ਼ਾਰਦਾ, ਹੀਰਾ ਲਾਲ, ਸਾਹਿਲ)-ਸਿੱਧਪੀਠ ਮਾਂ ਜਵਾਲਾ ਦੇਵੀ ਤੋਂ ਮਾਤਾ ਵੈਸ਼ਣੋ ਦੇਵੀ ਜਾ ਰਹੀ ਯਾਤਰੀਆਂ ਨਾਲ ਭਰੀ ਬੱਸ ਨੂੰ ਜ਼ਿਲਾ ਆਵਾਜਾਈ ਅਫ਼ਸਰ ਵੱਲੋਂ ਜ਼ਬਤ ਕੀਤੇ ਜਾਣ ਦੇ ਵਿਰੋਧ 'ਚ ਸ਼ਰਧਾਲੂਆਂ ਨੇ ਅੱਜ ਸੁਜਾਨਪੁਰ ਪੁਲਸ ਸਟੇਸ਼ਨ 'ਚ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਬੱਸ 'ਚ ਜਾ ਰਹੇ ਸ਼ਰਧਾਲੂ ਸੁਰੇਖਾ ਦੇਵੀ, ਸੁਸ਼ਮਾ ਦੇਵੀ, ਚੰਚਲਾ ਦੇਵੀ, ਲੇਖਰਾਜ, ਬੱਬਲੀ ਦੇਵੀ, ਰਿੰਕੀ ਦੇਵੀ, ਪਿੰਕੀ ਦੇਵੀ, ਨਿਸ਼ਾ, ਕਾਂਤਾ ਅਤੇ ਬੱਸ ਦੇ ਡਰਾਈਵਰ ਰਾਜ ਕੁਮਾਰ, ਕੁਲਦੀਪ ਸਿੰਘ ਵਾਸੀ ਜਵਾਲਾ ਜੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਅੱਜ ਸਵੇਰੇ ਬੱਸ (ਐੱਚ. ਪੀ. 68 ਏ-1471) ਰਾਹੀਂ ਜਵਾਲਾ ਜੀ ਤੋਂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਜਦੋਂ ਉਹ ਮਾਧੋਪੁਰ ਪੁੱਜੇ ਤਾਂ ਉਨ੍ਹਾਂ ਉਥੇ ਟੈਕਸ ਕਟਵਾਇਆ ਸੀ ਪਰ ਸੜਕ 'ਤੇ ਭੀੜ ਹੋਣ ਕਾਰਨ ਡਰਾਈਵਰ ਬੱਸ ਨੂੰ ਥੋੜ੍ਹਾ ਅੱਗੇ ਲੈ ਗਿਆ, ਜਿਸ 'ਤੇ ਉਥੇ ਨਾਕੇ ਕੋਲ ਖੜ੍ਹੇ ਡੀ. ਟੀ. ਓ. ਨੇ ਬੱਸ ਨੂੰ ਰੋਕ ਲਿਆ ਤੇ ਜੁਰਮਾਨਾ ਦੇਣ ਲਈ ਕਿਹਾ। ਉਨ੍ਹਾਂ ਕੋਲ ਮੌਕੇ 'ਤੇ ਇੰਨੇ ਪੈਸੇ ਨਾ ਹੋਣ ਕਾਰਨ ਬੱਸ ਨੂੰ ਬਾਊਂਡ ਕਰ ਦਿੱਤਾ, ਜਿਸ ਕਾਰਨ ਬੱਸ 'ਚ ਬੈਠੇ 52 ਯਾਤਰੀਆਂ ਨੂੰ ਸੁਜਾਨਪੁਰ ਥਾਣੇ 'ਚ 4 ਘੰਟੇ ਪ੍ਰੇਸ਼ਾਨ ਹੋਣਾ ਪਿਆ।
ਉਨ੍ਹਾਂ ਇਸ ਦੀ ਜਾਣਕਾਰੀ ਵਪਾਰ ਮੰਡਲ ਪਠਾਨਕੋਟ ਦੇ ਐੱਲ. ਆਰ. ਸੋਢੀ ਨੂੰ ਦਿੱਤੀ, ਜਿਸ ਦੇ ਬਾਅਦ ਉਹ ਸੁਜਾਨਪੁਰ ਥਾਣੇ 'ਚ ਪੁੱਜੇ ਅਤੇ ਇਸ ਮਾਮਲੇ ਨੂੰ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਦੇ ਧਿਆਨ 'ਚ ਲਿਆਂਦਾ ਗਿਆ। ਇਸ ਮੌਕੇ ਐੱਲ. ਆਰ. ਸੋਢੀ ਨੇ ਕਿਹਾ ਕਿ ਯਾਤਰੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਆਪਣੀ ਜੇਬ 'ਚੋਂ ਜੁਰਮਾਨਾ ਭਰਿਆ ਤੇ ਉਸ ਦੀ ਰਸੀਦ ਦਿਖਾ ਕੇ ਬੱਸ ਨੂੰ ਥਾਣੇ 'ਚ ਰਿਲੀਜ਼ ਕਰਵਾ ਕੇ ਸਵਾਰੀਆਂ ਨੂੰ ਵੈਸ਼ਣੋ ਦੇਵੀ ਲਈ ਭੇਜਿਆ।
ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਡੀ. ਟੀ. ਓ. ਦੇ ਅਹੁਦੇ ਖਤਮ ਕਰਨ ਜਾ ਰਹੀ ਹੈ ਜਦ ਕਿ ਦੂਜੇ ਪਾਸੇ ਧਾਰਮਿਕ ਜਗ੍ਹਾ ਨੂੰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਅਧਿਕਾਰੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
'ਉਕਤ ਯਾਤਰੀਆਂ ਨੇ ਪੰਜਾਬ ਦਾ ਟੈਕਸ ਮਾਮੂਨ ਬੈਰੀਅਰ 'ਤੇ ਕਟਵਾਇਆ ਸੀ ਜੋ ਕਿ ਇਸ ਬੱਸ ਦੇ ਡਰਾਈਵਰ ਨੇ ਨਹੀਂ ਕਟਵਾਇਆ। ਜਦੋਂ ਉਨ੍ਹਾਂ ਨੇ ਮਾਧੋਪੁਰ 'ਚ ਹਿਮਾਚਲ ਤੋਂ ਆਈ ਇਸ ਬੱਸ ਦੀ ਚੈਕਿੰਗ ਕੀਤੀ ਤਾਂ ਪਤਾ ਚੱਲਿਆ ਕਿ ਇਸ ਬੱਸ ਦਾ ਸਟੇਟ ਟੈਕਸ ਨਹੀਂ ਕੱਟਿਆ ਹੈ, ਜਿਸ ਕਾਰਨ ਇਹ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਹੋਰ ਬੱਸ ਨੂੰ ਵੀ 54 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ, ਜੋ ਕਿ ਅੰਮ੍ਰਿਤਸਰ ਤੋਂ ਜੰਮੂ ਵੱਲ ਜਾ ਰਹੀ ਸੀ।
