ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ! PSEB ਨੇ ਪਹਿਲੀ ਵਾਰ ਚੁੱਕਿਆ ਅਜਿਹਾ ਕਦਮ
Friday, Sep 04, 2026 - 02:15 PM (IST)
ਲੁਧਿਆਣਾ (ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਕਲਾਸ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਬਣਾਉਣ ਲਈ ਬੋਰਡ ਨੇ ਇਸ ਵਾਰ ਨਿਗਰਾਨੀ ਦਾ ਸ਼ਾਨਦਾਰ ਸੁਰੱਖਿਆ ਘੇਰਾ ਤਿਆਰ ਕੀਤਾ ਹੈ। ਪੰਜਾਬ ਭਰ ਦੇ ਪ੍ਰੀਖਿਆ ਕੇਂਦਰਾਂ ਨੂੰ ਹੁਣ ਆਧੁਨਿਕ ਹਾਈ ਟੈਕ ਨਿਗਰਾਨੀ ਨੈੱਟਵਰਕ ਨਾਲ ਲੈਸ ਕਰ ਦਿੱਤਾ ਗਿਆ ਹੈ।
ਬੋਰਡ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹੀ ਸਫਲ ਵਿਵਸਥਾ ਦੇਖਣ ਨੂੰ ਮਿਲ ਰਹੀ ਹੈ ਜਿਸ ਤਹਿਤ ਪ੍ਰੀਖਿਆ ਕੇਂਦਰਾਂ ਦੇ ਕਮਰਿਆਂ ਅਤੇ ਕੰਪਲੈਕਸਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਜ਼ਰੀਏ ਸਿੱਧਾ ਮੁੱਖ ਦਫਤਰ ਤੋਂ ਲਾਈਵ ਮਾਨੀਟਰਿੰਗ ਕੀਤੀ ਜਾ ਰਹੀ ਹੈ। ਇਸ ਹਾਈਟੈੱਕ ਸੁਰੱਖਿਆ ਘੇਰੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਨ੍ਹਾਂ ਕੈਮਰਿਆਂ ਵਿਚ ਸਿਰਫ ਤਸਵੀਰਾਂ ਹੀ ਕੈਦ ਨਹੀਂ ਹੋ ਰਹੀਆਂ, ਸਗੋ ਇਨ੍ਹਾਂ ਵਿਚ ਬੇਹੱਦ ਸੰਵੇਦਨਸ਼ੀਲ ਮਾਈਕ ਅਤੇ ਮੋਸ਼ਨ ਡਿਟੈਕਟਰ ਵੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਦਾ ਸਿੱਧਾ ਅਸਰ ਇਹ ਹੋਵੇਗਾ ਕਿ ਪ੍ਰੀਖਿਆ ਹਾਲ ਵਿਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਘੁਸਰ-ਮੁਸਰ, ਗੱਲਬਾਤ ਤੇ ਅਣਲੋੜੀਂਦੀ ਹਲਚਲ ਤੁਰੰਤ ਪਕੜ ਵਿਚ ਆ ਜਾਵੇਗੀ। ਬੋਰਡ ਦਾ ਕੰਟਰੋਲ ਰੂਮ ਸਿੱਧਾ ਵਿਦਿਆਰਥੀਆਂ ਅਤੇ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਸਟਾਫ ਦੀ ਹਰ ਗਤੀਵਿਧੀ ’ਤੇ ਲਗਾਤਾਰ ਪੈਨੀ ਨਜ਼ਰ ਬਣਾਏ ਹੋਏ ਹਨ।
ਸ਼ੱਕੀ ਹਲਚਲ ’ਤੇ ਸਿੱਧਾ ਸਕਰੀਨ ’ਤੇ ਆਵੇਗਾ ਅਲਰਟ
ਪ੍ਰੀਖਿਆ ਕੇਂਦਰਾਂ ਦੇ ਐਗਜ਼ਾਮੀਨੇਸ਼ਨ ਕੰਪਲੈਕਸ ਵਿਚ ਲਗਾਏ ਸਮਾਰਟ ਕੈਮਰਿਆਂ ਕਾਰਨ ਹੁਣ ਕਿਸੇ ਵੀ ਪੱਧਰ ’ਤੇ ਨਕਲ ਕਰਨ, ਪਰਚੀ ਪਾਸ ਕਰਨ ਜਾਂ ਨਿਯਮਾਂ ਦੀ ਅਣੇਦਖੀ ਕਰਨ ਦੀ ਗੁੰਜਾਇਜ਼ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਕੈਮਰਿਆਂ ਦੇ ਮੋਸ਼ਨ ਡਿਟੈਕਟਰ ਕਿਸੇ ਵੀ ਗੈਰ-ਲੋੜੀਂਦੀ ਸਰੀਰਕ ਹਰਕਤ ਨੂੰ ਤੁਰੰਤ ਭਾਂਪ ਕੇ ਸਕਰੀਨ ’ਤੇ ਅਲਰਟ ਭੇਜਦੇ ਹਨ, ਜਦੋਂਕਿ ਮਾਈਕ ਦੇ ਜ਼ਰੀਏ ਹਾਲ ਦੇ ਅੰਦਰ ਦੀ ਅਸਲ ਆਵਾਜ਼ ਰਿਕਾਰਡ ਹੋ ਕੇ ਮਾਨੀਟਰਿੰਗ ਟੀਮ ਤੱਕ ਪੁੱਜ ਰਹੀ ਹੈ। ਬੋਰਡ ਦਾ ਮੁੱਖ ਮਕਸਦ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਬਣਾਈ ਰੱਖਣਾ ਤੇ ਮਿਹਨਤੀ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕਰਨਾ ਹੈ।
ਲਿਖਤੀ ਪ੍ਰੀਖਿਆਵਾਂ 18 ਤੱਕ, 19 ਤੋਂ ਸ਼ੁਰੂ ਹੋਣਗੇ ਪ੍ਰੈਕਟੀਕਲ
ਸ਼ਡਿਊਲ ਦੇ ਮੁਤਾਬਕ ਸਪਲੀਮੈਂਟਰੀ ਪ੍ਰੀਖਿਆਵਾਂ ਦਾ ਲਿਖਤੀ ਪੜਾਅ 18 ਸਤੰਬਰ ਤੱਕ ਚੱਲੇਗਾ, ਜਿਸ ਤੋਂ ਤੁਰੰਤ ਬਾਅਦ 19 ਤੋਂ 22 ਸਤੰਬਰ ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਲਈਆਂ ਜਾਣਗੀਆਂ। ਪੰਜਾਬ ਭਰ ਦੇ ਵੱਖ -ਵੱਖ ਪ੍ਰਮੁੱਖ ਸਕੂਲਾਂ ਅਤੇ ਸੰਸਥਾਵਾਂ ਵਿਚ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚ ਐੱਸ.ਓ.ਆਈ. ਸੈਕਟਰ-32, ਮਲਟੀਪਰਪਜ਼ ਸਕੂਲ ਤੇ ਪੀ.ਏ.ਯੂ. ਸਕੂਲ ਵਰਗੇ ਮੁੱਖ ਕੇਂਦਰ ਵੀ ਸ਼ਾਮਲ ਹਨ।
ਪ੍ਰੀਖਿਆ ਕੇਂਦਰਾਂ ’ਤੇ ਇਸ ਡਿਜ਼ੀਟਲ ਪਹਿਰੇਦਾਰੀ ਦੇ ਲਾਗੂ ਹੋਣ ਨਾਲ ਸਮੁੱਖੀ ਪ੍ਰੀਖਿਆ ਵਿਵਸਥਾ ਪਾਰਦਰਸ਼ੀ ਬਣੀ ਰਹੇਗੀ। ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਕਲ ਕਰਨ ਜਾਂ ਪ੍ਰੀਖਿਆ ਨਿਯਮਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਹਰ ਹਰਕਤ ਕੈਮਰੇ ਵਿਚ ਡਿਜ਼ੀਟਲ ਸਬੂਤ ਵਜੋਂ ਦਰਜ ਹੋ ਰਹੀ ਹੈ ਜਿਸ ਦੇ ਆਧਾਰ ’ਤੇ ਤਤਕਾਲ ਸਖਤ ਅਨੁਸ਼ਾਸਨਾਤਮਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
