ਕਾਰ ''ਚ ਟੱਕਰਾਂ ਮਾਰ-ਮਾਰ ਜਵਾਈ ਵਲੋਂ ਸੱਸ ਦਾ ਬੇਰਹਮੀ ਨਾਲ ਕਤਲ

Saturday, Oct 03, 2020 - 08:53 PM (IST)

ਕਾਰ ''ਚ ਟੱਕਰਾਂ ਮਾਰ-ਮਾਰ ਜਵਾਈ ਵਲੋਂ ਸੱਸ ਦਾ ਬੇਰਹਮੀ ਨਾਲ ਕਤਲ

ਮੁਕੇਰੀਆਂ, (ਨਾਗਲਾ)- ਮੁਕੇਰੀਆਂ ਦੀ ਫਰੈਂਡਜ਼ ਕਾਲੋਨੀ ਵਿਖੇ ਜਵਾਈ ਵੱਲੋਂ ਆਪਣੀ ਸੱਸ ਨੂੰ ਆਪਣੇ ਸਹੁਰੇ ਅਤੇ ਸਾਲੇ ਸਾਹਮਣੇ ਕਾਰ ਨਾਲ ਟੱਕਰਾਂ ਮਾਰ-ਮਾਰ ਕੇ ਕਤਲ ਕਰ  ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕਾ ਦੇ ਪਤੀ ਵਿਜੇ ਕੁਮਾਰ ਵਾਸੀ ਫਰੈਂਡਜ਼ ਕਾਲੋਨੀ ਮੁਕੇਰੀਆਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਤੇ ਉਸ ਦੀ ਬੇਟੀ ਜੋਤੀ ਸ਼ਰਮਾ ਦੀ ਸ਼ਾਦੀ ਲਗਭਗ 12 ਵਰ੍ਹੇ ਪਹਿਲਾਂ ਰੋਹਿਤ ਵਸ਼ਿਸ਼ਟ ਪੁੱਤਰ ਬਾਲ ਕ੍ਰਿਸ਼ਨ ਵਸ਼ਿਸ਼ਟ ਵਾਸੀ ਟੀਚਰ ਕਾਲੋਨੀ ਹਾਜੀਪੁਰ ਨਾਲ ਹੋਈ ਸੀ। ਵਿਆਹ ਦੇ ਕਰੀਬ ਇਕ ਸਾਲ ਬਾਅਦ ਹੀ ਰੋਹਿਤ ਵਸ਼ਿਸ਼ਟ ਨੇ ਮੇਰੀ ਲੜਕੀ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਨਿੱਤ ਦੇ ਲੜਾਈ-ਝਗੜੇ ਤੋਂ ਦੁਖੀ ਮੇਰੀ ਬੇਟੀ ਲਗਭਗ ਇਕ ਸਾਲ ਤੋਂ ਸਾਡੇ ਕੋਲ ਆ ਗਈ। ਉਸ ਨੇ ਦੱਸਿਆ ਕਿ 2 ਅਕਤੂਬਰ ਦੀ ਰਾਤ ਨੂੰ ਲਗਭਗ 12.30 ਵਜੇ ਮੇਰਾ ਜਵਾਈ ਰੋਹਿਤ ਵਸ਼ਿਸ਼ਟ ਇਨੋਵਾ ਕ੍ਰਿਸਟਾ ਕਾਰ ਨੰਬਰ ਪੀ. ਬੀ. 07 ਬੀ. ਵੀ. 3712 ’ਤੇ ਆਇਆ ਤੇ ਆਉਂਦਿਆਂ ਹੀ ਸਾਡਾ ਮੇਨ ਗੇਟ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗ ਪਿਆ ਤੇ ਗਾਲ੍ਹਾਂ ਕੱਢਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਬਿਆਨ ਕਰਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟੇ ਨਾਲ ਮੇਨ ਗੇਟ ਖੋਲ੍ਹ ਕੇ ਬਾਹਰ ਨਿਕਲਿਆ ਤਾਂ ਉਸ ਦੇ ਜਵਾਈ ਰੋਹਿਤ ਵਸ਼ਿਸ਼ਟ ਨੇ ਕਾਰ ਉਸ ਉੱਪਰ ਅਤੇ ਉਸ ਦੀ ਪਤਨੀ ’ਤੇ ਚੜ੍ਹਾ ਦਿੱਤੀ। ਉਹ ਸਾਈਡ ’ਤੇ ਹੋ ਗਿਆ ਪ੍ਰੰਤੂ ਉਸ ਦੇ ਪਿੱਛੇ ਖੜ੍ਹੀ ਉਸ ਦੀ ਪਤਨੀ ਨੂੰ ਵਾਰ-ਵਾਰ ਕੰਧ ’ਚ ਟੱਕਰਾਂ ਮਾਰੀਆਂ। ਇਸ ਉਪਰੰਤ ਉਸਦਾ ਜਵਾਈ ਕਾਰ ਭਜਾ ਕੇ ਲੈ ਜਾਣ ਲੱਗਾ ਤਾਂ ਅੱਗੇ ਮੋੜ ਹੋਣ ਕਾਰਣ ਕਾਰ ਬੇਕਾਬੂ ਹੋ ਕੇ ਪਲਟ ਗਈ ਪਰ ਜਵਾਈ ਰੋਹਿਤ ਵਸ਼ਿਸ਼ਟ ਮੌਕੇ ਤੋਂ ਫਰਾਰ ਹੋ ਗਿਆ।
ਉਸ ਨੇ ਦੱਸਿਆ ਕਿ ਉਸ ਦੇ ਬੇਟੇ ਗੌਰਵ ਨੇ ਉਸ ਦੀ ਪਤਨੀ ਸੁਸ਼ਮਾ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਸ ਦੀ ਹਾਲਤ ਗੰਭੀਰ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਪਰ ਰਸਤੇ ਵਿਚ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਪੁਲਸ ਨੇ ਰੋਹਿਤ ਵਸ਼ਿਸ਼ਟ ਪੁੱਤਰ ਬਾਲ ਕ੍ਰਿਸ਼ਨ ਵਸ਼ਿਸ਼ਟ ਨਿਵਾਸੀ ਟੀਚਰ ਕਾਲੋਨੀ ਹਾਜੀਪੁਰ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕੀਤਾ ਹੈ।
 


author

Bharat Thapa

Content Editor

Related News