ਮਾਮਲਾ ਨੂੰਹ ਵਲੋਂ 85 ਸਾਲਾ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ, ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ

05/06/2022 5:53:49 PM

ਤਰਨਤਾਰਨ (ਰਾਜੂ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੂਰਵਿੰਡ ਨਿਵਾਸੀ 85 ਸਾਲ ਦੀ ਬਜ਼ੁਰਗ ਮਹਿਲਾ ਨੂੰ ਉਸ ਦੀ ਨੂੰਹ ਵਲੋਂ ਬੇਰਹਿਮੀ ਨਾਲ ਕੁੱਟ ਮਾਰ ਕਰਨ ਅਤੇ ਭੱਦੀ ਸ਼ਬਦਾਵਲੀ ਵਰਤੇ ਜਾਣ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪ੍ਰਸਨ ਮਨੀਸ਼ਾ ਗੁਲਾਟੀ ਨੇ ਸਖ਼ਤ ਨੋਟਿਸ ਲਿਆ ਹੈ। ਮਨੀਸ਼ਾ ਗੁਲਾਟੀ ਨੇ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲਸ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਥਾਣਾ ਕੱਚਾ ਪੱਕਾ ਦੀ ਪੁਲਸ ਨੇ ਨੂੰਹ ਵਿਰੁੱਧ ਕੇਸ ਦਰਜ ਕਰ ਲਿਆ ਹੈ।

85 ਸਾਲ ਦੀ ਪੀੜਤ ਬਜ਼ੁਰਗ ਪ੍ਰੀਤਮ ਕੌਰ ਪਤਨੀ ਸਵ: ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਚਾਰ ਪੁੱਤਰ ਵੀ ਅਕਾਲ ਚਲਾਣਾ ਕਰ ਗਏ ਹਨ। ਉਸ ਦੇ ਸਵ: ਪੁੱਤਰ ਕੁਲਵੰਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਕੁਲਵੰਤ ਸਿੰਘ ਦਾ ਦੂਸਰਾ ਵਿਆਹ ਦਲਜੀਤ ਕੌਰ ਨਾਲ ਹੋਇਆ ਸੀ। ਉਹ ਅਕਸਰ ਉਸ ਨਾਲ ਲੜਦੀ ਝਗੜਦੀ ਰਹਿੰਦੀ ਸੀ ਅਤੇ ਬਿਨਾਂ ਵਜ੍ਹਾ ਕੁੱਟ ਮਾਰ ਕਰਦੀ ਰਹਿੰਦੀ ਹੈ। ਬੀਤੇ ਦਿਨ ਜਦ ਮੈਂ ਆਪਣੇ ਘਰ ਵਿਚ ਬੈਠੀ ਸੀ ਤਾਂ ਇਸ ਦੌਰਾਨ ਮੇਰੀ ਨੂੰਹ ਨੇ ਬੇਰਹਿਮੀ ਨਾਲ ਮੇਰੀ ਕੁੱਟ ਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤਾ।

ਇਸ ਸਬੰਧੀ ਜਦੋਂ ਖ਼ਬਰ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਮਾਮਲਾ ਮਹਿਲਾ ਕਮਿਸ਼ਨ ਦੇ ਚੇਅਰਪ੍ਰਸਨ ਦੇ ਧਿਆਨ ਵਿਚ ਆਇਆ, ਜਿਸ ਤੋਂ ਬਾਅਦ ਚੇਅਰਪ੍ਰਸਨ ਮਨੀਸ਼ਾ ਗੁਲਾਟੀ ਨੇ ਆਪਣਾ ਲਿਖਤੀ ਪੱਤਰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਕਪਤਾਨ ਪੁਲਸ ਤਰਨਤਾਰਨ ਨੂੰ ਆਦੇਸ਼ ਦਿੱਤੇ ਕਿ ਜਲਦੀ ਤੋਂ ਜਲਦੀ ਦੋਸ਼ੀ ਜਨਾਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਧਰ ਥਾਣਾ ਕੱਚਾ ਪੱਕਾ ਦੀ ਪੁਲਸ ਵਲੋਂ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


rajwinder kaur

Content Editor

Related News