ਆਪਣੇ ਜਿਗਰ ਦੇ ਟੋਟੇ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੋਈ ਮਾਂ, ਵਜ੍ਹਾ ਜਾਣ ਪਸੀਜ ਜਾਵੇਗਾ ਦਿਲ
Monday, May 01, 2023 - 04:30 PM (IST)
ਘਨੌਰ(ਅਲੀ) : ਹਲਕਾ ਘਨੌਰ ’ਚ ਪੈਂਦੇ ਪਿੰਡ ਸੰਧਾਰਸੀ ਦੇ ਗਰੀਬ ਪਰਿਵਾਰ ਵਿਚੋਂ ਇਕ ਮਾਂ ’ਤੇ ਉਮਰ ਤੋਂ ਪਹਿਲਾਂ ਹੀ ਬੁਢਾਪਾ ਆ ਗਿਆ ਕਿ ਜਿਸ ਨੂੰ ਆਪਣੇ ਜਿਗਰ ਦੇ ਟੋਟੇ 19 ਸਾਲਾ ਨੇਤਰਹੀਣ ਆਪਣੇ ਪੁੱਤਰ ਰਮਨ ਸਿੰਘ ਨੂੰ ਸੰਗਲਾਂ ਨਾਲ ਬੰਨਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਉਕਤ ਮੁੰਡੇ ਦੀ ਮਾਤਾ ਉੂਸ਼ਾ ਰਾਣੀ ਪਤਨੀ ਗੁਰਬਚਨ ਸਿੰਘ ਵਾਸੀ ਸੰਧਾਰਸੀ ਨੇ ਦੱਸਿਆ ਕਿ ਮੇਰੇ 3 ਬੱਚੇ ਹਨ, ਜਿਨ੍ਹਾਂ ’ਚ ਸਭ ਤੋਂ ਵੱਡਾ ਪੁੱਤਰ ਰਮਨ ਸਿੰਘ ਜੋ ਪੀੜਤ ਹੈ, ਇਕ ਕੁੜੀ ਹੈ ਅਤੇ ਇਕ ਛੋਟਾ ਮੁੰਡਾ ਹੈ। ਉਸ ਨੇ ਦੱਸਿਆ ਕਿ ਮੇਰਾ ਮੁੰਡਾ ਰਮਨ ਜਨਮ ਤੋਂ ਹੀ ਨੇਤਰਹੀਣ, ਗੂੰਗਾ-ਬੋਲਾ ਅਤੇ ਮੰਦਬੁੱਧੀ ਹੈ। ਅਸੀਂ ਗਰੀਬੀ ਨਾਲ ਜੂਝ ਰਹੇ ਹਾਂ ਅਤੇ ਦਿਹਾੜੀ ਕਰ ਕੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਪਰ ਜ਼ਿਆਦਾ ਇਸ ਪੀੜਤ ਮੁੰਡੇ ਦੀਆਂ ਦਵਾਈਆਂ 'ਤੇ ਖ਼ਰਚ ਹੋਣ ਕਾਰਨ ਅਸੀਂ ਕੰਗਾਲ ਹੋ ਗਏ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਇਸ ਦਾ ਆਪ੍ਰੇਸ਼ਨ ਦੱਸਿਆ ਹੈ ਪਰ ਪੈਸੇ ਨਾ ਹੋਣ ਕਾਰਨ ਅਸੀਂ ਆਪਣੇ ਬੱਚੇ ਦਾ ਦੁੱਖ ਦੇਖ ਰਹੇ ਹਾਂ।
ਇਹ ਵੀ ਪੜ੍ਹੋ- ਧੀ ਦੀ ਜਾਨ ਦੇ ਦੁਸ਼ਮਣ ਬਣੇ ਮਾਪੇ, ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਆਗੂ ਸਰਿਤਾ ਮਲੇਠੀਆ 'ਤੇ ਕੀਤਾ ਹਮਲਾ
ਮਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਹਿਲਾਂ ਤਾਂ ਇਹ ਛੋਟਾ ਸੀ ਅਤੇ ਘਰ ਰਹਿੰਦਾ ਸੀ, ਇਸ ਕਾਰਨ ਮਹਿਸੂਸ ਘੱਟ ਹੁੰਦਾ ਸੀ ਪਰ ਹੁਣ ਇਹ 19 ਸਾਲ ਦਾ ਹੋ ਗਿਆ, ਜਿਸ ਦਾ ਦੁੱਖ ਵੇਖਿਆ ਨਹੀਂ ਜਾਂਦਾ। ਮੈਂ ਮਾਂ ਇਸ ਦਾ ਲਹੂਰ ਦੇ ਕੇ ਪਾਗਲ ਜਹੀ ਹੋ ਗਈ ਹਾਂ ਕਿਉਂਕਿ ਇਕ ਮਾਂ ਆਪਣੇ ਪੁੱਤਰ ਦੇ ਜਵਾਨ ਹੋਣ ਦੇ ਸੁਪਨੇ ਦੇਖਦੀ ਹੈ ਪਰ ਜਦੋਂ ਮੈਂ ਇਸ ਪੁੱਤਰ ਨੂੰ ਸੰਗਲਾਂ ਨਾਲ ਬੰਨ੍ਹਦੀ ਹਾਂ ਤਾਂ ਮੇਰਾ ਕਲੇਜਾ ਮਚਦਾ ਹੈ। ਇਸ ਦੇ ਬਾਹਰ ਜਾਣ ਦਾ ਇਹ ਖ਼ਤਰਾ ਰਹਿੰਦਾ ਹੈ ਕਿ ਕਿਸੇ ਦੇ ਕੁਝ ਮਾਰ ਨਾ ਦੇਵੇ। ਇਸ ਕਰ ਕੇ ਘਰ ’ਚ ਰਹਿ ਕੇ ਇਸ ਦੀ ਰਾਖੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਦੀ ਰੰਜਿਸ਼ ’ਚ ਵੱਡੀ ਵਾਰਦਾਤ, ਵੀਡੀਓ ’ਚ ਦੇਖੋ ਕਿਵੇਂ 30-35 ਨੌਜਵਾਨਾਂ ਨੇ ਘਰ ਆ ਕੇ ਚਲਾਈਆਂ ਤਲਵਾਰਾਂ
ਦੁੱਖੀ ਮਾਂ ਨੇ ਦੱਸਿਆ ਕਿ 10ਵੀਂ ਕਲਾਸ ’ਚ ਪੜ੍ਹਦੀ ਕੁੜੀ ਦੇ ਵੀ ਕੰਨਾਂ ਦੇ ਪਰਦੇ ਖ਼ਰਾਬ ਹੋ ਗਏ ਹਨ, ਉਹ ਕਹਿੰਦੀ ਹੈ ਕਿ ਮਾਂ ਮੈਨੂੰ ਸਕੂਲ ’ਚ ਟੀਚਰ ਦੀ ਗੱਲ ਸਮਝ ਨਹੀਂ ਆਉਂਦੀ। ਛੋਟੇ ਮੁੰਡੇ ਦੇ ਲਿਵਰ ’ਚ ਨੁਕਸ ਆਇਆ ਹੈ, ਜਦੋਂ ਕਿ ਇਨ੍ਹਾਂ ਦੋਵੇਂ ਭੈਣ-ਭਰਾਵਾਂ ਦਾ ਇਲਾਜ ਕਰਵਾਉਣਾ ਹਾਲੇ ਬਾਕੀ ਹੈ। ਘਰ ’ਚ ਆਈਆਂ ਬੀਮਾਰੀਆਂ ਨੇ ਲੱਕ ਤੋੜ ਕੇ ਰੱਖ ਦਿੱਤਾ ਅਤੇ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦਾ ਘਰਵਾਲਾ ਵੀ ਮਰੀਜ਼ ਹੈ। ਕਿਸੇ-ਕਿਸੇ ਦਿਨ ਦਿਹਾੜੀ ਲੱਗ ਜਾਂਦੀ ਹੈ ਅਤੇ ਮੈਂ ਮਨਰੇਗਾ ’ਚ ਕੰਮ ਕਰਦੀ ਹਾਂ, ਜਿਸ ਨਾਲ ਘਰ ਦਾ ਡੰਗ ਟੱਪ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਸਮਾਜ-ਸੇਵੀਆਂ ਨੂੰ ਅਪੀਲ ਕੀਤੀ ਕਿ ਮੇਰੇ ਪੁੱਤਰ ਦਾ ਇਲਾਜ ਕਰਵਾਇਆ ਜਾਵੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।