ਕਾਰ ਦੀ ਲਪੇਟ ''ਚ ਆਉਣ ਨਾਲ ਜ਼ਖਮੀ ਹੋਈ ਮਾਂ ਦੇ ਅਰਮਾਨ ਦੀ ਮੌਤ

Monday, Apr 02, 2018 - 06:19 AM (IST)

ਜਲੰਧਰ, (ਰਾਜੇਸ਼, ਮਾਹੀ)— ਮਕਸੂਦਾਂ ਥਾਣੇ ਅਧੀਨ ਪੈਂਦੇ ਪਿੰਡ ਸਰਾਏ ਖਾਸ ਦੇ ਬਾਹਰ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਇਕ ਕਾਰ ਦੀ ਲਪੇਟ 'ਚ ਆਉਣ ਨਾਲ 7 ਸਾਲ ਦੇ ਬੱਚੇ ਦੀ ਮੌਤ ਅਤੇ ਉਸ ਦੀ ਮਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਸੁਖਵਿੰਦਰ ਸ਼ਹਿਰ ਤੋਂ ਆਟੋ 'ਚ ਆਪਣੇ ਪਿੰਡ ਸਰਾਏ ਖਾਸ ਜਾ ਰਹੀ ਸੀ ਜਦੋਂ ਸਰਾਏ ਖਾਸ ਦੇ ਬਾਹਰ ਮੇਨ ਗੇਟ 'ਤੇ ਉਤਰ ਕੇ ਆਪਣੇ ਬੱਚੇ ਨਾਲ ਸੜਕ ਪਾਰ ਕਰ ਰਹੀ ਸੀ ਕਿ ਉਸ ਦੌਰਾਨ ਬਿਆਸ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਮਾਂ-ਪੁੱਤ ਦੂਰ ਜਾ ਕੇ ਡਿੱਗੇ ਅਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ 'ਚ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਵਿਚ ਡਰਾਈਵਰ ਸਮੇਤ ਤਿੰਨ ਬੱਚੇ ਅਤੇ ਇਕ ਔਰਤ ਸਵਾਰ ਸੀ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਡਰਾਈਵਰ ਕਾਰ ਛੱਡ ਕੇ ਸਾਰਿਆਂ ਨੂੰ ਲੈ ਕੇ ਫਰਾਰ ਹੋ ਗਿਆ। ਆਲੇ-ਦੁਆਲੇ ਰਾਹਗੀਰਾਂ ਨੇ ਮੌਕੇ 'ਤੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਮਕਸੂਦਾਂ ਦੇ ਡਿਊਟੀ ਅਫਸਰ ਨਰੇਸ਼ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਇਲਾਜ ਤੋਂ ਪਹਿਲਾਂ 7 ਸਾਲ ਦੇ ਅਰਮਾਨ ਦੀ ਮੌਤ ਹੋ ਚੁੱਕੀ ਸੀ। 
ਨਰੇਸ਼ ਕੁਮਾਰ ਨੇ ਦੱਸਿਆ ਕਿ ਜ਼ਖਮੀ ਪਰਮਜੀਤ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖੇ ਜਾਣ ਤੱਕ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਸੀ ਅਤੇ ਕਾਰ ਚਾਲਕ ਦਾ ਵੀ ਨਹੀਂ ਪਤਾ ਲੱਗ ਸਕਿਆ ਸੀ। ਜ਼ਖ਼ਮੀ ਪਰਮਜੀਤ ਕੌਰ ਦੇ ਭਰਾ ਕੁਲਦੀਪ ਸਿੰਘ ਰਾਏਸਾਹਿਬ, ਜੋ ਕਿ ਸਰਾਏ ਖਾਸ ਵਿਚ ਮੈਂਬਰ ਪੰਚਾਇਤ ਹਨ, ਉਨ੍ਹਾਂ ਨੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਆਪਣੇ ਸਹੁਰੇ ਸੁਖੀਆ ਨੰਗਲ ਕਪੂਰਥਲਾ ਤੋਂ ਆਪਣੇ ਇਕਲੌਤੇ ਪੁੱਤਰ ਅਰਮਾਨ ਨਾਲ ਆ ਰਹੀ ਸੀ, ਇਸ ਦੌਰਾਨ ਇਹ ਦੁਖਦਾਈ ਘਟਨਾ ਹੋਈ ਹੈ।
ਉਨ੍ਹਾਂ ਦੱਸਿਆ ਕਿ ਅਰਮਾਨ ਦਾ ਪਿਤਾ ਮਜ਼ਦੂਰੀ ਕਰਦਾ ਹੈ। ਅਰਮਾਨ ਸਾਰਿਆਂ ਦਾ ਲਾਡਲਾ ਸੀ ਅਤੇ ਦੂਜੀ ਜਮਾਤ ਵਿਚ ਪੜ੍ਹਦਾ ਸੀ। ਉਸ ਦੀ ਮਾਤਾ ਪਰਮਜੀਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਰ ਵਿਚ ਫਰੈਕਚਰ ਹੋਇਆ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ।


Related News