ਪਹਿਲੀ ਵਾਰ ਜਾਣਾ ਸੀ 4 ਸਾਲਾ ਮਾਸੂਮ ਨੇ ਸਕੂਲ, ਵਾਪਰਿਆ ਅਜਿਹਾ ਭਾਣਾ ਕਿ ਮਾਂ-ਪੁੱਤ ਦੀ ਹੋ ਗਈ ਮੌਤ
Thursday, Jul 14, 2022 - 04:47 PM (IST)

ਖਰੜ/ਰੋਪੜ (ਸ਼ਸ਼ੀ)- ਖਰੜ-ਮੋਰਿੰਡਾ ਸੜਕ ’ਤੇ ਪਿੰਡ ਘੜੂੰਆਂ ਨਜ਼ਦੀਕ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਸੜਕ ਹਾਦਸੇ ਵਿਚ ਮਾਂ ਅਤੇ ਉਸ ਦੇ ਚਾਰ ਸਾਲਾਂ ਬੱਚੇ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਦੋ ਮੈਂਬਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸੂਚਨਾ ਅਨੁਸਾਰ ਖਰੜ ਸਾਈਡ ਤੋਂ ਆ ਰਹੇ ਇਕ ਮੋਟਰਸਾਈਕਲ ’ਤੇ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ ਅਤੇ ਖਰੜ ਸਾਈਡ ਤੋਂ ਹੀ ਇਕ ਕਾਰ ਤੇਜ਼ ਰਫਤਾਰ ਨਾਲ ਆਈ, ਜਿਸ ਨੇ ਮੋਟਰਸਾਈਕਲ ਨੂੰ ਪਿਛੋਂ ਟੱਕਰ ਮਾਰ ਦਿੱਤੀ। ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਸੜਕ ’ਤੇ ਡਿੱਗ ਗਏ। ਹਾਦਸੇ ਵਿਚ ਸੰਦੀਪ ਕੌਰ ਅਤੇ ਉਸ ਦੇ ਚਾਰ ਸਾਲਾ ਬੱਚੇ ਨਿਸ਼ਾਨ ਸਿੰਘ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਪਿੰਡ ਮਾਨਖੇੜੀ ਜ਼ਿਲ੍ਹਾ ਰੋਪੜ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ: ਜਲੰਧਰ: ਅਹੁਦਾ ਸੰਭਾਲਦਿਆਂ ਹੀ ਐਕਸ਼ਨ 'ਚ IAS ਅਧਿਕਾਰੀ ਜਸਪ੍ਰੀਤ ਸਿੰਘ, ਦਿੱਤੇ ਇਹ ਨਿਰਦੇਸ਼
ਮ੍ਰਿਤਕਾ ਦੇ ਭਰਾ ਮਨਪ੍ਰੀਤ ਸਿੰਘ ਵਾਸੀ ਪਿੰਡ ਮੜੌਲੀ ਕਲਾਂ ਨੇ ਪੁਲਸ ਨੂੰ ਦੱਸਿਆ ਕਿ ਮੋਟਰਸਾਈਕਲ ’ਤੇ ਉਸ ਦੇ ਜੀਜਾ ਸਿੰਗਾਰਾ ਸਿੰਘ ਉਰਫ਼ ਸ਼ੰਕਰ, ਉਸ ਦੀ ਭੈਣ ਸੰਦੀਪ ਕੌਰ, ਭਾਣਜਾ ਨਿਸ਼ਾਨ ਸਿੰਘ ਅਤੇ ਪਰਮਵੀਰ ਸਿੰਘ ਜਾ ਰਹੇ ਸਨ। ਜ਼ਖ਼ਮੀਆਂ ਨੂੰ ਘੜੂੰਆਂ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਦੀ ਭੈਣ ਸੰਦੀਪ ਕੌਰ ਅਤੇ ਚਾਰ ਸਾਲਾ ਭਾਣਜੇ ਨਿਸ਼ਾਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਨ੍ਹਾਂ ਦਾ ਜੀਜਾ ਸ਼ਿੰਗਾਰਾ ਸਿੰਘ ਉਰਫ ਸ਼ੰਕਰ ਅਤੇ ਉਨ੍ਹਾਂ ਦਾ ਚਾਰ-ਪੰਜ ਮਹੀਨਿਆਂ ਦਾ ਛੋਟਾ ਭਾਣਜਾ ਪਰਮਵੀਰ ਸਿੰਘ ਜ਼ੇਰੇ ਇਲਾਜ ਹਨ। ਘੜੂੰਆਂ ਪੁਲਸ ਨੇ ਕਰੇਟਾ ਕਾਰ ਨੰਬਰ ਪੀ. ਬੀ. 10 ਜੀ. ਐੱਲ. 1833 ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਸ਼ਾਨ ਨੇ ਪਹਿਲੀ ਵਾਰ ਜਾਣਾ ਸੀ ਸਕੂਲ
ਜਾਣਕਾਰੀ ਅਨੁਸਾਰ ਮ੍ਰਿਤਕ ਚਾਰ ਸਾਲਾ ਨਿਸ਼ਾਨ ਸਿੰਘ ਨੇ ਬੁੱਧਵਾਰ ਪਹਿਲੀ ਵਾਰੀ ਸਕੂਲ ਜਾਣਾ ਸੀ, ਇਸ ਲਈ ਪਰਿਵਾਰ ਨੇ ਉਸ ਲਈ ਨਵੀਆਂ ਵਰਦੀਆਂ ਅਤੇ ਹੋਰ ਸਕੂਲੀ ਸਾਮਾਨ ਖ਼ਰੀਦਿਆ ਸੀ ਪਰ ਭਾਣਾ ਕੁਝ ਹੋਰ ਲਿਖਿਆ ਹੋਇਆ ਸੀ।
ਇਹ ਵੀ ਪੜ੍ਹੋ: 'ਚੇਅਰਮੈਨ' ਬਣਾਏ ਜਾਣ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਰਾਘਵ ਚੱਢਾ, ਹੱਕ ’ਚ ਉਤਰੇ ਪੰਜਾਬ ਦੇ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ