ਮਾਂ ਨੇ 2 ਨੌਜਵਾਨਾਂ ''ਤੇ ਲਾਏ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼
Tuesday, Mar 03, 2020 - 12:41 PM (IST)

ਖਮਾਣੋਂ (ਜਟਾਣਾ) : ਇਕ ਔਰਤ ਨੇ ਦੋ ਨੌਜਵਾਨਾਂ 'ਤੇ ਉਸਦੀ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਲਗਾਏ ਹਨ। ਔਰਤ ਨੇ ਸਬ-ਇੰਸਪੈਕਟਰ ਸੰਦੀਪ ਕੌਰ ਕੋਲ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੈਂ ਲੋਕਾਂ ਦੇ ਘਰਾਂ 'ਚ ਝਾੜੂ-ਪੋਚਾ ਲਗਾਉਣ ਦਾ ਕੰਮ ਕਰਦੀ ਹਾਂ। ਅਸੀਂ ਸਾਰੇ ਪਰਿਵਾਰਕ ਮੈਂਬਰ ਆਪੋ-ਆਪਣੇ ਕੰਮ 'ਤੇ ਚਲੇ ਜਾਂਦੇ ਸੀ ਪਰ ਮੇਰੀ ਬੇਟੀ (14) ਘਰ ਵਿਚ ਇਕੱਲੀ ਰਹਿੰਦੀ ਸੀ। ਕੱਲ ਮੇਰੀ ਲੜਕੀ ਕਾਫੀ ਘਬਰਾਈ ਹੋਈ ਸੀ। ਮੈਂ ਉਸ ਨੂੰ ਉਸ ਦੀ ਘਬਰਾਹਟ ਦਾ ਕਾਰਣ ਪੁੱਛਿਆ ਤਾਂ ਲੜਕੀ ਨੇ ਮੈਨੂੰ ਦੱਸਿਆ ਕਿ ਪਿਛਲੇ ਸਾਲ 2019 ਵਿਚ ਨਵੰਬਰ ਮਹੀਨੇ ਮੈਂ ਘਰ ਵਿਚ ਇਕੱਲੀ ਸੀ, ਸਾਰੇ ਕੰਮ 'ਤੇ ਗਏ ਹੋਏ ਸੀ ਤਾਂ ਕਰੀਬ ਦੁਪਹਿਰ 2 ਵਜੇ ਗੁਆਂਢ 'ਚ ਰਹਿੰਦੇ ਲੜਕੇ ਤੇ ਨੇੜਲੇ ਪਿੰਡ ਦੇ ਇਕ ਹੋਰ ਲੜਕੇ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੇਰੀ ਬੇਟੀ ਦੇ ਦਰਵਾਜ਼ਾ ਖੋਲ੍ਹਣ 'ਤੇ ਦੋਵਾਂ ਨੌਜਵਾਨਾਂ ਨੇ ਉਸਨੂੰ ਮੂੰਹ 'ਤੇ ਹੱਥ ਰੱਖ ਕੇ ਚਿੱਟੇ ਰੰਗ ਦੀ ਗੱਡੀ ਵਿਚ ਬਿਠਾ ਲਿਆ ਤੇ ਸੂਏ ਦੇ ਨਾਲ ਲਗਦੀ ਕੱਚੀ ਪਟੜੀ 'ਤੇ ਲੈ ਗਏ, ਜਿਥੇ ਉਨ੍ਹਾਂ ਮੇਰੀ ਬੇਟੀ ਨਾਲ ਜਬਰ-ਜ਼ਨਾਹ ਕੀਤਾ।
ਪੀੜਤਾ ਦੀ ਮਾਂ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੇ ਮੇਰੀ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਕੋਲ ਇਸ ਸੰਬੰਧੀ ਗੱਲ ਕੀਤੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਪੁਲਸ ਨੇ ਉਕਤ ਲੜਕੀ ਨੂੰ ਪੀ. ਜੀ. ਆਈ. ਮੈਡੀਕਲ ਰਿਪੋਰਟ ਲਈ ਭੇਜ ਦਿੱਤਾ ਹੈ।