ਕਲਯੁਗੀ ਮਾਂ ਨੇ ਕੁੱਤਿਆਂ ਅੱਗੇ ਸੁੱਟੀ ਨਵਜੰਮੀ ਧੀ

Friday, Mar 22, 2019 - 06:36 PM (IST)

ਕਲਯੁਗੀ ਮਾਂ ਨੇ ਕੁੱਤਿਆਂ ਅੱਗੇ ਸੁੱਟੀ ਨਵਜੰਮੀ ਧੀ

ਸਮਰਾਲਾ (ਗਰਗ, ਬੰਗੜ) : ਸਮਰਾਲਾ ਵਿਖੇ ਕਲਯੁਗੀ ਮਾਂ ਵੱਲੋਂ ਲਾਵਾਰਿਸ ਹਾਲਤ ਵਿਚ ਸੁੱਟੀ ਨਵਜੰਮੀ ਧੀ ਨੂੰ ਖੂੰਖਾਰ ਕੁੱਤਿਆਂ ਵੱਲੋਂ ਨੋਚ ਲਿਆ ਗਿਆ। ਸ਼ਹਿਰ ਦੇ ਕੁੱਝ ਨੌਜਵਾਨਾਂ ਨੇ ਬੜੀ ਮੁਸ਼ਕਿਲ ਨਾਲ ਕੁੱਤਿਆਂ ਦੇ ਮੂੰਹ ਵਿਚੋਂ ਬੱਚੀ ਦੀ ਲਾਸ਼ ਨੂੰ ਛੁਡਵਾਇਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲ਼ੇ ਸਮਰਾਲਾ ਦੇ ਮਿੰਨੀ ਬਾਈਪਾਸ 'ਤੇ ਕੁੱਤਿਆਂ ਦਾ ਝੁੰਡ ਇਕ ਨਵਜੰਮੇ ਬੱਚੇ ਨੂੰ ਮੂੰਹ ਵਿਚ ਚੁੱਕੀ ਸੜਕ ਉੱਪਰ ਘੁੰਮ ਰਿਹਾ ਸੀ। ਇਸ ਦੌਰਾਨ ਐੱਸ.ਐੱਲ. ਬੂਟੀਕ ਦੇ ਮਾਲਕ ਸਤਿੰਦਰ ਸਿੰਘ ਰਿੰਕੂ ਅਤੇ ਵਿਸ਼ਵਜੀਤ ਸਿੰਘ ਵੱਲੋਂ ਕੁੱਤਿਆਂ ਪਾਸੋਂ ਬੱਚੇ ਨੂੰ ਛੁਡਵਾ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ। 
ਇਸ ਦੌਰਾਨ ਮੌਕੇ 'ਤੇ ਪੁੱਜੇ ਡੀ.ਐੱਸ.ਪੀ. ਦਵਿੰਦਰ ਸਿੰਘ ਤੇ ਥਾਣਾ ਮੁਖੀ ਸੁਖਵੀਰ ਸਿੰਘ ਵੱਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈਂਦਿਆਂ ਦੱਸਿਆ ਕਿ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਨਵਜੰਮੀ ਲੜਕੀ ਨੇ ਅੱਜ ਹੀ ਜਨਮ ਲਿਆ ਹੋਵੇ। ਉਨ੍ਹਾਂ ਦੱਸਿਆ ਕਿ ਬੱਚੀ ਦਾ ਜਨਮ ਸਹੀ ਸਮੇਂ 'ਤੇ ਹੋਇਆ ਜਾਪਦਾ ਹੈ ਕਿਉਂਕਿ ਬੱਚੀ ਦਾ ਨਾੜੂਆ ਕੱਟ ਕੇ ਉਸ ਨੂੰ ਸਹੀ ਢੰਗ ਨਾਲ ਮੈਡੀਕਲ ਟਰੀਟ ਕੀਤਾ ਗਿਆ ਹੈ। ਇਸ ਬੱਚੀ ਦੀ ਲਾਸ਼ ਨੂੰ ਇਕ ਚੁੰਨੀ ਵਿਚ ਲਪੇਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਹੀ ਸੁਲਝਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


author

Gurminder Singh

Content Editor

Related News