ਅਮੀਰ ਬਣਨ ਦੇ ਚੱਕਰ ''ਚ ਗੈਂਗਸਟਰਾਂ ਨੇ ਚੁਣਿਆ ਅਪਰਾਧ ਦਾ ਰਸਤਾ, ਹੁਣ ਬਣ ਚੁੱਕੇ ਨੇ ਪੁਲਸ ਲਈ ਸਿਰਦਰਦੀ

07/31/2017 7:03:18 PM

ਕਪੂਰਥਲਾ(ਮਲਹੋਤਰਾ)— ਅਪਰਾਧ ਦੀ ਦੁਨੀਆ 'ਚ ਸੂਬੇ ਦਾ ਜ਼ਿਲਾ ਕਪੂਰਥਲਾ ਹਰ ਸਮੇਂ ਸੁਰਖੀਆਂ 'ਚ ਰਿਹਾ ਹੈ। ਅੱਤਵਾਦ ਦੇ ਜ਼ਮਾਨੇ 'ਚ ਕਪੂਰਥਲਾ ਜ਼ਿਲੇ ਦੇ ਵੱਖ-ਵੱਖ ਖੇਤਰਾਂ ਤੋਂ ਨੌਜਵਾਨਾਂ ਨੇ ਪੰਜਾਬ 'ਚ ਅੱਤਵਾਦ ਲਹਿਰ ਨੂੰ ਕਾਫੀ ਬੜਾਵਾ ਦਿੱਤਾ ਸੀ। ਦੂਜੇ ਪਾਸੇ ਉਸ ਸਮੇਂ ਦੇ ਪੁਲਸ ਅਧਿਕਾਰੀਆਂ ਨੇ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਜਿਸ 'ਤੇ ਅਪਰਾਧੀਆਂ ਨੂੰ ਜ਼ਿਲਾ ਅਤੇ ਦੇਸ਼ ਤੱਕ ਛੱਡਣ ਨੂੰ ਮਜਬੂਰ ਹੋਣਾ ਪਿਆ। ਉਦੋਂ ਤੋਂ ਹੁਣ ਤਕ ਜ਼ਿਲਾ ਪੁਲਸ ਅਤੇ ਵੱਖ-ਵੱਖ ਅਦਾਲਤਾਂ ਵਲੋਂ ਕਈ ਖਤਰਨਾਕ ਅੱਤਵਾਦੀਆਂ, ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ। ਜ਼ਿਲਾ ਪੁਲਸ ਨੂੰ ਅਜਿਹੇ 700 ਤੋਂ ਜ਼ਿਆਦਾ ਅਪਰਾਧੀ ਮੋਸਟ ਵਾਂਟੇਡ ਹਨ, ਜੋ ਅੱਤਵਾਦੀ ਗਤੀਵਿਧੀਆਂ ਨਸ਼ਾ ਸਮੱਗਲਰ, ਕਤਲ, ਲੁੱਟ-ਖੋਹ ਅਤੇ ਡਕੈਤੀ ਵਰਗੇ ਅਪਰਾਧ ਕਰਨ ਤੋਂ ਬਾਅਦ ਜ਼ਿਲੇ 'ਚੋਂ ਗਾਇਬ ਹੋ ਚੁੱਕੇ ਹਨ। ਵੱਖ-ਵੱਖ ਸੂਬਿਆਂ 'ਚ ਰਹਿ ਰਹੇ ਭਗੌੜੇ
ਜ਼ਿਲਾ ਕਪੂਰਥਲਾ 'ਚ ਵਾਰਦਾਤ ਕਰਨ ਉਪਰੰਤ ਆਪਣੇ-ਆਪਣੇ ਸੂਬਿਆਂ 'ਚ ਜਾ ਕੇ ਲੁਕੇ ਹੋਏ ਭਗੌੜੇ ਦੋਸ਼ੀਆਂ 'ਚ ਬਿਹਾਰ 'ਚ 28 ਅਜਿਹੇ ਅਪਰਾਧੀਆਂ ਨੂੰ ਅਦਾਲਤ ਵਲੋਂ ਭਗੌੜਾ ਐਲਾਨਿਆ ਜਾ ਚੁੱਕਾ ਹੈ ਅਤੇ 22 ਅਜਿਹੇ ਖਤਰਨਾਕ ਅਪਰਾਧੀ ਹੈ ਹਨ, ਜਿਨ੍ਹਾਂ ਦੀ ਜ਼ਿਲਾ ਪੁਲਸ ਨੂੰ ਤਲਾਸ਼ ਹੈ। ਇਸੇ ਤਰ੍ਹਾਂ ਹਰਿਆਣਾ 'ਚ ਲੁਕੇ ਹੋਏ 25 ਨੂੰ ਪੁਲਸ ਨੇ ਅਤੇ 7 ਨੂੰ ਮਾਣਯੋਗ ਅਦਾਲਤ ਨੇ ਭਗੌੜਾ ਐਲਾਨ ਕੀਤਾ ਹੋਇਆ ਹੈ। ਜ਼ਿਲਾ ਕਪੂਰਥਲਾ ਨੂੰ ਮੋਸਟ ਵਾਂਟੇਡ 27 ਅਪਰਾਧੀ ਦਿੱਲੀ 'ਚ ਹਨ ਅਤੇ 34 ਯੂ. ਪੀ. 'ਚ। ਹਿਮਾਚਲ ਪ੍ਰਦੇਸ਼ 'ਚ ਇਸ ਦੀ ਗਿਣਤੀ 7 ਹੈ। ਜ਼ਿਲਾ ਕਪੂਰਥਲਾ 'ਚ ਗੰਭੀਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਉਪਰੰਤ 8 ਦੋਸ਼ੀ ਨੇਪਾਲ 'ਚ ਲੁਕੇ ਹੋਏ ਹਨ। 
710 ਖਤਰਨਾਕ ਮੋਸਟ ਵਾਂਟੇਡ ਅਪਰਾਧੀ ਜ਼ਿਲਾ ਪੁਲਸ ਲਈ ਬਣੇ ਸਿਰਦਰਦੀ
ਜ਼ਿਲਾ ਪੁਲਸ ਨੂੰ ਲੋੜੀਂਦੇ ਅਤੇ ਅਦਾਲਤਾਂ ਵਲੋਂ ਪੀ. ਓ. ਐਲਾਨ ਕੀਤੇ ਜਾ ਚੁੱਕੇ ਮੋਸਟ ਵਾਂਟੇਡ ਅਪਰਾਧੀਆਂ ਦੀ ਗਿਣਤੀ 710 ਹੈ, ਜੋ ਹਰ ਸਮੇਂ ਜ਼ਿਲਾ ਪੁਲਸ ਲਈ ਸਿਰਦਰਦੀ ਦਾ ਕਾਰਨ ਬਣੇ ਰਹਿੰਦੇ ਹਨ। ਪੁਲਸ ਨੂੰ ਇਨ੍ਹਾਂ ਖਤਰਨਾਕ ਅਪਰਾਧੀਆਂ ਦੀਆਂ ਗਤੀਵਿਧੀਆਂ 'ਤੇ ਹਰ ਸਮੇਂ ਪੈਨੀ ਨਜ਼ਰ ਰੱਖਣੀ ਪੈਂਦੀ ਹੈ, ਨਾਲ ਹੀ ਕਈ ਸਾਲਾਂ ਤੋਂ ਪੁਲਸ ਦੀ ਅੱਖਾਂ 'ਚ ਘੱਟਾ ਪਾ ਕੇ ਇਹ ਅਪਰਾਧੀ ਲੁਕ ਕੇ ਆਪਣੇ ਕੰਮ ਕਰ ਰਹੇ ਹਨ। ਜ਼ਿਆਦਾਤਰ ਅਪਰਾਧੀ ਦੂਜੇ ਜ਼ਿਲੇ ਤੇ ਸੂਬਿਆਂ 'ਚ ਜਾ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜੋ ਸ਼ਾਂਤੀਪਸੰਦ ਲੋਕਾਂ ਦੇ ਲਈ ਹਰ ਸਮੇਂ ਖਤਰਾ ਬਣੇ ਰਹਿੰਦੇ ਹਨ। 
ਦੱਸ ਦਈਏ ਕਿ ਬੇਗੋਵਾਲ ਦੇ ਬਾਜ਼ਾਰ 'ਚ ਸਾਲ 2011 'ਚ ਤਿੰਨ ਗੈਂਗਸਟਰ ਗੁਰਿੰਦਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਪਿੰਡ ਉਦਰਾ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ, ਮੱਖਣ ਸਿੰਘ ਉਰਫ ਮੁੱਖਾ ਪੁੱਤਰ ਗਿਆਨ ਸਿੰਘ ਨਿਵਾਸੀ ਵਾਰਡ ਨੰ. 10 ਬੇਗੋਵਾਲ, ਅਮਰਜੀਤ ਸਿੰਘ ਪੁੱਤਰ ਮੰਗਲ ਸਿੰਘ ਨਿਵਾਸੀ ਬਲੋਚਕ ਬੇਗੋਵਾਲ ਨੇ ਸ਼ਰੇਆਮ ਦਿਨ-ਦਿਹਾੜੇ ਇਕ ਵਿਅਕਤੀ ਦਾ ਕਤਲ ਕੀਤਾ, ਜਿਸ 'ਤੇ ਪੁਲਸ ਵਲੋਂ ਕਤਲ ਦਾ ਮਾਮਲਾ ਦਰਜ ਸੀ, ਉਦੋਂ ਤੋਂ ਉਕਤ ਦੋਸ਼ੀ ਪੁਲਸ ਦੀ ਪਕੜ ਤੋਂ ਦੂਰ ਹੈ। ਇਨ੍ਹਾਂ ਦੋਸ਼ੀਆਂ ਦਾ ਪਰਿਵਾਰ ਖੇਤੀਬਾੜੀ ਕਰਕੇ ਆਪਣਾ ਜੀਵਨ ਬਤੀਤ ਕਰਦਾ ਸੀ ਤੇ ਕਰ ਰਿਹਾ ਹੈ। ਫਿਰੌਤੀ ਲੈ ਕੇ ਅਮੀਰ ਬਣਨ ਦੇ ਚੱਕਰ 'ਚ ਅਪਰਾਧ ਦੀ ਦੁਨੀਆ 'ਚ ਜਾ ਚੁੱਕੇ ਇਨ੍ਹਾਂ ਅਪਰਾਧੀਆਂ ਦਾ ਕਿਸੇ ਨੂੰ ਕੁਝ ਨਹੀਂ ਪਤਾ, ਇਹ ਕਿੱਥੇ ਹਨ। 
ਦਰਜਨਾਂ ਖਤਰਨਾਕ ਸਮੱਗਲਰ ਵੀ ਹਨ ਭਗੌੜੇ
ਜ਼ਿਲਾ ਪੁਲਸ ਨੂੰ ਲੋੜੀਂਦੇ ਭਗੌੜਿਆਂ 'ਚ ਤਲਵੰਡੀ ਚੌਧਰੀਆਂ ਦਾ ਨਿਸ਼ਾਨ ਸਿੰਘ, ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਤੇ ਅਜੈਬ ਸਿੰਘ, ਰਾਮੂ ਦੀ ਪਤਨੀ ਢਿੱਲਵਾਂ ਦਾ ਕਮਲ ਕੁਮਾਰ, ਭਵਾਨੀਗੜ੍ਹ (ਰਾਜਸਥਾਨ) ਦਾ ਇਕਰਾਰ ਮੁਹੰਮਦ ਜੋ 1991 ਤੋਂ ਭਗੌੜਾ ਹੈ, ਸ਼ਾਮਲ ਹੈ। ਇਹ ਭਗੌੜੇ ਦੋਸ਼ੀ ਅਫੀਮ, ਨਸ਼ੀਲਾ ਪਾਊਡਰ, ਹੈਰੋਇਨ ਆਦਿ ਦੀ ਸਮੱਗਲਿੰਗ ਕਰਦੇ ਸਨ। 
ਕਤਲ ਦੇ ਮਾਮਲੇ 'ਚ ਖਤਰਨਾਕ ਅਪਰਾਧੀ ਲੋੜੀਂਦੇ
ਜ਼ਿਲਾ ਪੁਲਸ ਨੂੰ ਥਾਣਾ ਸਰਦੂਲਗੜ੍ਹ, ਮਾਨਸਾ ਤੋਂ ਕਤਲ ਤੇ ਲੁੱਟ-ਖੋਹ ਦੇ ਮਾਮਲੇ 'ਚ ਸ਼ਾਮਲ ਬਲਵੀਰ ਸਿੰਘ ਰਾਜੂ, ਐੱਨ. ਆਰ. ਆਈ. ਪਤੀ ਪਤਨੀ ਦਾ ਕਾਤਲ ਪਰਮਜੀਤ ਸਿੰਘ ਪੰਮਾ ਸੈਫਲਾਬਾਦ, ਮਲਕੀਤ ਸਿੰਘ ਪਿੰਡ ਸੁਖਾਨੀ, ਮੇਜਰ ਸਿੰਘ ਪਿੰਡ ਰਜ਼ਾਪੁਰ ਆਦਿ ਹਨ। ਜ਼ਿਆਦਾਤਰ ਭਗੌੜੇ ਦੋ ਸੀ ਲੁੱਟਖੋਹ ਦੀ ਨੀਅਤ ਨਾਲ ਕਿਸੇ ਦਾ ਵੀ ਕਤਲ ਕਰਨ ਤੋਂ ਗੁਰੇਜ ਨਹੀਂ ਕਰਦੇ।
ਸਾਲ ਦੌਰਾਨ ਕਪੂਰਥਲਾ ਟੀਮ ਵਲੋਂ 210 ਭਗੌੜੇ ਕਾਬੂ
ਇਸ ਸਬੰਧ 'ਚ ਜਦੋਂ ਜ਼ਿਲਾ ਪੁਲਸ ਕਪਤਾਨ ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਲੋੜੀਂਦੇ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਲ ਦੌਰਾਨ ਕਪੂਰਥਲਾ ਟੀਮ ਵਲੋਂ 210 ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਸ 'ਚ ਜ਼ਿਆਦਾਤਰ ਗੰਭੀਰ ਅਪਰਾਧੀ ਹਨ। ਉਨ੍ਹਾਂ ਨੇ ਹਰੇਕ ਅਧਿਕਾਰੀ ਨੂੰ ਖਤਰਨਾਕ ਭਗੌੜੇ ਦੋਸ਼ੀਆਂ ਦੀਆਂ ਲਿਸਟਾਂ ਤਿਆਰ ਕਰਕੇ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਦੀ ਦੇਖ-ਰੇਖ 'ਚ ਵੱਖ-ਵੱਖ ਪੁਲਸ ਅਧਿਕਾਰੀਆਂ ਨੂੰ ਦੇ ਕੇ ਉਨ੍ਹਾਂ ਨੂੰ ਹੀ ਭਗੌੜੇ ਨੂੰ ਫੜਨ ਦੀ ਜ਼ਿੰਮੇਵਾਰੀ ਫਿਕਸ ਕਰ ਰੱਖੀ ਹੈ।


Related News