ਪੰਜਗਰਾਈਂ ਕਲਾਂ ਦੇ ਮਨੀ ਐਕਸਚੇਂਜਰ ਤੋਂ 3 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਕਾਬੂ
Saturday, Oct 09, 2021 - 05:46 PM (IST)
ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਕਲਾਂ ਵਿਖੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫ਼ਰ ਦੇ ਮਾਲਕ ਕੋਲੋਂ 3 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਦਰਜ ਕੀਤੇ ਗਏ ਪੁਲਸ ਕੇਸ ਦੀ ਤਫ਼ਤੀਸ਼ ਦੇ ਚੱਲਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਫ਼ਰੀਦਕੋਟ ਵੱਲੋਂ ਇਕ ਨਾਬਾਲਗ ਮੁਲਜ਼ਮ ਸਮੇਤ ਦੋ ਨੂੰ ਕਾਬੂ ਕੀਤਾ ਗਿਆ ਹੈ। ਇਸ ਕੇਸ ਨਾਲ ਸਬੰਧਤ ਮੁੱਖ ਮੁਲਜ਼ਮ ਭੋਲਾ ਸਿੰਘ ਵਾਸੀ ਜਿਓਣਵਾਲਾ ਨੂੰ ਬੀਤੀ 2 ਅਕਤੂਬਰ ਨੂੰ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਡੇਰਾ ਪ੍ਰੇਮੀ ਸ਼ਕਤੀ ਡੱਗੋ ਰੋਮਾਣਾ ਦੇ ਘਰ ਦੀ ਰੈਕੀ ਕਰਦਿਆਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਗੁਰਦੇਵ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਜਿਓਣਵਾਲਾ ਅਤੇ ਦੂਸਰਾ ਇਕ ਨਾਬਾਲਗ ਮੁਲਜ਼ਮ ਸ਼ਾਮਿਲ ਹੈ।
ਜ਼ਿਕਰਯੋਗ ਹੈ ਕਿ ਮਨੀ ਟ੍ਰਾਂਸਫ਼ਰ ਦਾ ਕੰਮ ਕਰਦੇ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਖੀਵਾ ਪੁੱਤਰ ਬਚਿੱਤਰ ਸਿੰਘ ਵਾਸੀ ਕੇਵਲ ਪੱਤੀ ਪੰਜਗਰਾਈਂ ਕਲਾਂ ਨੇ ਬਿਆਨ ਕੀਤਾ ਸੀ ਕਿ ਜਦ ਉਹ ਬੀਤੇ ਮਹੀਨੇ 23 ਸਤੰਬਰ ਨੂੰ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਸਵਾ ਚਾਰ ਵਜੇ ਦੇ ਕਰੀਬ ਉਸਦੇ ਮੋਬਾਇਲ ’ਤੇ ਭੋਲਾ ਸਿੰਘ ਨੇ ਫੋਨ ਕਰਕੇ ਇਹ ਧਮਕੀ ਦਿੱਤੀ ਸੀ ਕਿ ਜੇਕਰ ਉਸਦੇ ਬੈਂਕ ਖਾਤੇ ਵਿਚ 3 ਲੱਖ ਰੁਪਏ ਅਗਲੇ ਦਿਨ 12 ਵਜੇ ਤੱਕ ਜਮ੍ਹਾਂ ਨਾ ਕਰਵਾਏ ਤਾਂ ਉਹ ਉਸਦੇ ਸਿਰ ਵਿਚ ਗੋਲੀ ਮਾਰ ਦੇਵੇਗਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਭੋਲਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜਿਓਣਵਾਲਾ ਨੇ ਇਕ ਵਾਰ ਪਹਿਲਾਂ ਵੀ ਉਸਤੋਂ ਫਿਰੌਤੀ ਮੰਗੀ ਸੀ ਪ੍ਰੰਤੂ ਉਸ ਵੇਲੇ ਉਹ ਡਰਦੇ ਮਾਰੇ ਚੁੱਪ ਕਰ ਗਿਆ ਸੀ।
ਇਨ੍ਹਾਂ ਬਿਆਨਾਂ ’ਤੇ ਪੁਲਸ ਵੱਲੋਂ ਭੋਲਾ ਸਿੰਘ ’ਤੇ ਬੀਤੀ 23 ਸਤੰਬਰ ਨੂੰ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮ ਭੋਲਾ ਸਿੰਘ ਨੂੰ ਡੇਰਾ ਪ੍ਰੇਮੀ ਸ਼ਕਤੀ ਸਿੰਘ ਵਾਸੀ ਡੱਗੋਰੋਮਾਣਾ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਨਾਲ ਉਸਦੇ ਘਰ ਦੇ ਆਸੇ-ਪਾਸੇ ਘੁੰਮਦਿਆਂ ਕਾਬੂ ਕਰਕੇ ਇਸ ਪਾਸੋਂ 2 ਪਿਸਟਲ 9 ਐੱਮ.ਐੱਮ ਅਤੇ 10 ਰੌਂਦ 9 ਐੱਮ.ਐੱਮ ਬਰਾਮਦ ਕਰ ਲਏ ਗਏ ਸਨ। ਫ਼ਿਰੌਤੀ ਕੇਸ ਦੀ ਹੋਰ ਤਫਤੀਸ਼ ਦੇ ਚੱਲਦਿਆਂ ਉਕਤ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਜਿੰਨ੍ਹਾਂ ਵਿਚੋਂ ਨਾਬਾਲਗ ਨੂੰ ਸਥਾਨਕ ਅਦਾਲਤ ਵਿਚ ਪੇਸ਼ੀ ਉਪ੍ਰੰਤ ਅਬਜ਼ਰਵੇਸ਼ਨ ਹੋਮ ਫ਼ਰੀਦਕੋਟ ਵਿਖੇ ਭੇਜ ਦਿੱਤਾ ਗਿਆ ਹੈ ਜਦਕਿ ਦੋਸ਼ੀ ਗੁਰਦੇਵ ਸਿੰਘ ਖ਼ਿਲਾਫ਼ ਅਗਲੀ ਕਾਰਵਾਈ ਜਾਰੀ ਹੈ।