ਮਹਿਲਾ ਕੌਂਸਲਰ ਦੇ ਪਤੀ ਤੇ ਯੂਥ ਅਕਾਲੀ ਨੇਤਾ ਨੇ ਵਿਦਿਆਰਥਣ ਨਾਲ ਕੀਤੀ ਛੇੜਛਾੜ
Saturday, Oct 27, 2018 - 10:00 AM (IST)
ਰੋਪੜ( ਸੱਜਣ ਸੈਣੀ)— ਰੋਪੜ ਸ਼ਹਿਰ ਦੀ ਮਹਿਲਾ ਕੌਂਸਲਰ ਦੇ ਪਤੀ ਅਤੇ ਯੂਥ ਅਕਾਲੀ ਨੇਤਾ ਆਰ. ਪੀ. ਸ਼ੈਲੀ ਵੱਲੋਂ ਇਕ ਕਾਲਜ ਦੀ ਵਿਦਿਆਰਥਣ ਨਾਲ ਕਾਲਜ ਜਾਂਦੇ ਸਮੇਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੇ ਦਿਨ ਸਵੇਰੇ ਜਦੋਂ ਵਾਲਮੀਕਿ ਮੁੱਹਲੇ 'ਚ ਰਹਿਣ ਵਾਲੀ ਲੜਕੀ ਕਾਲਜ ਜਾ ਰਹੀ ਸੀ ਤਾਂ ਉਕਤ ਨੇਤਾ ਨੇ ਆਪਣੀ ਕਾਰ ਰੋਕ ਕੇ ਉਸ ਨੂੰ ਕਾਰ ਦੇ ਅੰਦਰ ਬੈਠਣ ਨੂੰ ਕਿਹਾ। ਲੜਕੀ ਨੇ ਮਨ੍ਹਾ ਕਰ ਦਿੱਤਾ।

ਇਸ ਦੇ ਬਾਅਦ ਕਾਲਜ ਖਤਮ ਹੋਣ ਤੋਂ ਬਾਅਦ ਲੜਕੀ ਨੇ ਇਹ ਪੂਰੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ। ਸ਼ਾਮ 7 ਵਜੇ ਜਦੋਂ ਉਕਤ ਨੇਤਾ ਆਪਣੀ ਕਾਰ ਸੀ. ਐੱਚ. 12 (ਟੀ) 8100 'ਤੇ ਸਵਾਰ ਹੋ ਕੇ ਬੇਲਾ ਚੌਕ ਤੋਂ ਕਾਲਜ ਵੱਲ ਆ ਰਿਹਾ ਸੀ ਤਾਂ ਸਿਨੇਮਾ ਦੇ ਕੋਲ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਕਤ ਨੇਤਾ ਕਾਰ 'ਚੋਂ ਉਤਰ ਕੇ ਭੱਜਣ ਲੱਗਾ ਤਾਂ ਗੁੱਸੇ 'ਚ ਇਕੱਠੇ ਹੋ ਕੇ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਅਤੇ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਕਾਰ ਦੇ ਟਾਇਰਾਂ ਦੀ ਹਵਾ ਵੀ ਨਿਕਲ ਗਈ। ਮੌਕੇ 'ਤੇ ਆਈ ਸਿਟੀ ਪੁਲਸ ਨੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ।
