ਮਹਿੰਦਰ ਸਿੰਘ ਕੇ.ਪੀ. ਬਣੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ
Friday, Dec 20, 2019 - 05:47 PM (IST)
ਜਲੰਧਰ,(ਚੋਪੜਾ/ਭੁੱਲਰ)—ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਕੈਪਟਨ ਸਰਕਾਰ ਨੇ ਵੱਖ-ਵੱਖ ਬੋਰਡਾਂ, ਨਿਗਮਾਂ ਅਤੇ ਹੋਰ ਅਹਿਮ ਸਰਕਾਰੀ ਅਦਾਰਿਆਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਪੰਜਾਬ ਦੇ 4 ਹਲਕਿਆਂ 'ਚ ਉਪ ਚੋਣਾਂ ਦੇ ਚਲਦਿਆਂ ਵਿਚਾਲੇ ਰੁਕ ਗਿਆ ਸੀ। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਨੂੰ ਪੰਜਾਬ ਤਕਨੀਕੀ ਤੇ ਉਦਯੋਗਿਕ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੇ ਆਦੇਸ਼ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲ ਕਲੀਅਰ ਕੀਤੇ ਜਾਣ ਤੋਂ ਬਾਅਦ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਇਸ ਨਿਯੁਕਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ 'ਚ ਦੱਸਿਆ ਗਿਆ ਹੈ ਕਿ ਨਿਯੁਕਤੀ ਦੀਆਂ ਸ਼ਰਤਾਂ ਅਤੇ ਨਿਯਮ ਬਾਅਦ 'ਚ ਤੈਅ ਕੀਤੇ ਜਾਣਗੇ। ਇਸ ਤਹਿਤ ਕੇ. ਪੀ. ਨੂੰ ਨਿਯਮਾਂ ਤਹਿਤ ਕੈਬਨਿਟ ਰੈਂਕ ਮਿਲੇਗਾ। ਬਾਦਲ ਸਰਕਾਰ ਸਮੇਂ ਇਸ ਬੋਰਡ ਦੇ ਚੇਅਰਮੈਨ ਰਹੇ ਸੇਵਾ ਸਿੰਘ ਸੇਖਵਾਂ ਕੋਲ ਵੀ ਕੈਬਨਿਟ ਰੈਂਕ ਸੀ।
ਕੈਬਨਿਟ ਮੰਤਰੀ, ਸੰਸਦ ਮੈਂਬਰ ਤੇ 3 ਵਾਰ ਵਿਧਾਇਕ ਰਹੇ
ਮਹਿੰਦਰ ਸਿੰਘ ਕੇ. ਪੀ. 1985 ਤੋਂ 2007 ਦੇ ਸਮੇਂ ਦੌਰਾਨ 3 ਵਾਰ ਵਿਧਾਇਕ ਅਤੇ ਉਸ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹੇ ਹਨ। 2014 'ਚ ਉਨ੍ਹਾਂ ਨੂੰ ਜਲੰਧਰ ਤੋਂ ਤਬਦੀਲ ਕਰ ਕੇ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਦੁਬਾਰਾ ਲੋਕ ਸਭਾ ਦੀ ਚੋਣ ਲੜਾਈ ਗਈ ਸੀ ਪਰ ਉਹ ਇਥੇ ਹਾਰ ਗਏ ਹਨ। ਇਸ ਤੋਂ ਬਾਅਦ ਕੇ. ਪੀ. ਦੀਆਂ ਸਰਗਰਮੀਆਂ 'ਚ ਕੁਝ ਖੜੋਤ ਆਈ ਸੀ ਅਤੇ ਪਿਛਲੇ ਸਮੇਂ 'ਚ ਉਹ ਮੁੜ ਜਲੰਧਰ ਤੋਂ ਮੁੜ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੇ ਸਨ ਪਰ ਟਿਕਟ ਚੌਧਰੀ ਸੰਤੋਖ ਸਿੰਘ ਨੂੰ ਮਿਲਣ ਕਾਰਣ ਕੁਝ ਦਿਨਾਂ ਲਈ ਬਾਗੀ ਤੇਵਰ ਵੀ ਅਪਣਾਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ ਉਹ ਕੈਬਨਿਟ ਮੰਤਰੀ ਸਨ। ਜ਼ਿਕਰਯੋਗ ਹੈ ਕਿ 1956 'ਚ ਜਨਮੇ ਮਹਿੰਦਰ ਸਿੰਘ ਕੇ. ਪੀ. ਸਵ. ਕਾਂਗਰਸੀ ਆਗੂ ਦਰਸ਼ਨ ਸਿੰਘ ਕੇ. ਪੀ. ਦੇ ਬੇਟੇ ਹਨ। ਉਨ੍ਹਾਂ ਨੇ ਡੀ. ਏ. ਵੀ. ਕਾਲਜ ਜਲੰਧਰ ਤੋਂ ਬੀ. ਏ. ਅਤੇ ਪੰਜਾਬ ਯੂਨੀਵਰਸਸਿਟੀ ਤੋਂ ਐੱਲ. ਐੱਲ. ਬੀ. ਕੀਤੀ ਹੈ। ਸਿਆਸਤ ਨਾਲ ਉਨ੍ਹਾਂ ਦਾ ਮੁੱਖ ਕੰਮ ਵਕਾਲਤ ਅਤੇ ਖੇਤੀ ਦਾ ਰਿਹਾ ਹੈ ਅਤੇ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹਨ।