''ਆਪ'' ਨੂੰ ਵੱਡਾ ਝਟਕਾ! ''ਪੰਜਾਬ ਕੇਸਰੀ'' ਦੇ ਹੱਕ ''ਚ ਘੱਟ ਗਿਣਤੀਆਂ ਸੈੱਲ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਨੇ ਦਿੱਤਾ ਅਸਤੀਫ਼ਾ
Wednesday, Jan 21, 2026 - 06:44 PM (IST)
ਜਲੰਧਰ (ਮਜ਼ਹਰ): ਪੰਜਾਬ ਕੇਸਰੀ ਗਰੁੱਪ 'ਤੇ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਹਮਲੇ ਅਤੇ ਮੀਡੀਆ ਦੀ ਆਜ਼ਾਦੀ ਨੂੰ ਵਾਰ-ਵਾਰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਦੇ ਘੱਟ ਗਿਣਤੀਆਂ ਸੈੱਲ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਤੇ ਪੰਜਾਬ ਵਕਫ਼ ਬੋਰਡ ਦੇ ਸਾਬਕਾ ਮੈਂਬਰ ਕਲੀਮ ਆਜ਼ਾਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਅਸਤੀਫ਼ੇ ਦਾ ਐਲਾਨ ਕਰਦਿਆਂ ਕਲੀਮ ਆਜ਼ਾਦ ਨੇ ਕਿਹਾ ਕਿ, "ਜਿੱਥੇ ਪੱਤਰਕਾਰ ਸੁਰੱਖਿਅਤ ਨਹੀਂ ਹਨ, ਉੱਥੇ ਆਮ ਨਾਗਰਿਕ ਦੀ ਸੁਰੱਖਇਆ ਦੀ ਆਸ ਰੱਖਣਾ ਖ਼ੁਦ ਨੂੰ ਧੋਖਾ ਦੇਣਾ ਹੈ। ਪੱਤਰਕਾਰਿਤਾ ਲੋਕਤੰਤਰ ਦਾ ਚੌਥਾ ਥੰਮ੍ਹ ਹੈ, ਪਰ ਅੱਜ ਉਸੇ ਥੰਮ੍ਹ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਅਜਿਹੇ ਮਾਹੌਲ ਵਿਚ ਅਹੁਦੇ 'ਤੇ ਬਣੇ ਰਹਿਣਾ ਮੇਰੇ ਜ਼ਮੀਰ ਨੂੰ ਮਨਜ਼ੂਰ ਨਹੀਂ।" ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਪ੍ਰਗਟਾਵੇ ਦੀ ਆਜ਼ਾਦੀ ਦੇ ਖ਼ਿਲਾਫ਼ ਹੈ ਤੇ ਇਸ ਨਾਲ ਸਮਾਜ ਵਿਚ ਗਲਤ ਸੁਨੇਹਾ ਜਾ ਰਿਹਾ ਹੈ। ਕਲੀਮ ਆਜ਼ਾਦ ਦੇ ਅਸਤੀਫ਼ੇ ਨਾਲ ਸਿਆਸੀ ਗਲਿਆਰਿਆਂ ਵਿਚ ਹਲਚਲ ਮੱਚ ਗਈ ਹੈ। ਇਸ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅਜੇ ਤਕ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
