ਜਲੰਧਰ ਦੇ ਦੌਰੇ 'ਤੇ ਮੋਹਨ ਭਾਗਵਤ, ਵਿਦਿਆ ਧਾਮ ਵਿਖੇ 3 ਰੋਜ਼ਾ ਅਖਿਲ ਭਾਰਤੀ ਮੀਟਿੰਗ ’ਚ ਲੈਣਗੇ ਹਿੱਸਾ
Wednesday, Dec 06, 2023 - 12:49 PM (IST)
ਜਲੰਧਰ (ਗੁਲਸ਼ਨ)- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਪ੍ਰਸਤ ਮੋਹਨ ਭਾਗਵਤ ਮੰਗਲਵਾਰ ਰਾਤ ਸਖ਼ਤ ਸੁਰੱਖਿਆ ਵਿਚਕਾਰ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਬੀਤੇ ਦਿਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੇ। ਭਾਗਵਤ ਦੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੀ.ਆਰ.ਪੀ. ਨੇ ਸਟੇਸ਼ਨ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਮੋਹਨ ਭਾਗਵਤ ਸਟੇਸ਼ਨ ’ਤੇ ਪਹੁੰਚੇ ਤਾਂ ਸੂਬਾਈ ਪ੍ਰਚਾਰਕ ਨਰਿੰਦਰ, ਬਜਰੰਗ ਦਲ ਦੇ ਮਹਾਨਗਰ ਕਨਵੀਨਰ ਪ੍ਰਮੋਦ ਅਗਰਵਾਲ, ਸੋਵਿਤ ਪਾਸੀ, ਮਹੇਸ਼ ਗੁਪਤਾ, ਮਨੀਸ਼ ਸ਼ਰਮਾ ਆਦਿ ਨੇ ਉਨ੍ਹਾਂ ਦਾ ਗੁਲਦਸਤਾ ਭੇਟ ਕਰ ਕੇ ਸੁਆਗਤ ਕੀਤਾ।
ਸੰਯੁਕਤ ਪੁਲਸ ਕਮਿਸ਼ਨਰ-ਕਮ-ਡੀ. ਸੀ. ਪੀ. ਸੰਦੀਪ ਸ਼ਰਮਾ, ਏ. ਸੀ. ਪੀ. ਦਮਨਦੀਪ ਸਿੰਘ, ਜਸਪ੍ਰੀਤ ਸਿੰਘ, ਜੀ. ਆਰ. ਪੀ. ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਖ਼ੁਦ ਸੰਘਚਾਲਕ ਮੋਹਨ ਭਾਗਵਤ ਦੀ ਸੁਰੱਖਿਆ ਲਈ ਪਹਿਰੇ ’ਤੇ ਰਹੇ। ਇਸ ਦੌਰਾਨ ਭਾਰੀ ਪੁਲਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਸਖ਼ਤ ਸੁਰੱਖਿਆ ਵਿਚਕਾਰ ਉਸ ਨੂੰ ਸਟੇਸ਼ਨ ਤੋਂ ਬਾਹਰ ਲਿਆਂਦਾ ਗਿਆ ਤੇ ਕਾਰ ’ਚ ਬਿਠਾਇਆ ਗਿਆ, ਜਿੱਥੋਂ ਉਹ ਸਿੱਧੇ ਵਿਦਿਆ ਧਾਮ ਲਈ ਰਵਾਨਾ ਹੋਏ। ਉਸ ਦੇ ਕਾਫ਼ਲੇ ’ਚ 15 ਤੋਂ ਵੱਧ ਗੱਡੀਆਂ ਸਨ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸਾਜ ਸੈਂਟਰ ’ਚ ਚੱਲ ਰਿਹੈ ਗੰਦਾ ਧੰਦਾ, ਸਾਹਮਣੇ ਆਏ ਸਟਿੰਗ ਨਾਲ ਹੋਇਆ ਵੱਡਾ ਖ਼ੁਲਾਸਾ
ਜਾਣਕਾਰੀ ਮੁਤਾਬਕ ਮੋਹਨ ਭਾਗਵਤ ਗੁਰੂ ਗੋਬਿੰਦ ਸਿੰਘ ਐਵੇਨਿਊ ਨੇੜੇ ਸਥਿਤ ਵਿਦਿਆ ਧਾਮ ’ਚ 6 ਦਸੰਬਰ ਤੋਂ ਸ਼ੁਰੂ ਹੋ ਰਹੀ 3 ਰੋਜ਼ਾ ਅਖਿਲ ਭਾਰਤੀ ਮੀਟਿੰਗ ’ਚ ਹਿੱਸਾ ਲੈਣਗੇ। ਇਸ ਦੌਰਾਨ ਸਹਿ-ਕਾਰਜਕਾਰੀ ਤੋਂ ਇਲਾਵਾ ਉੱਤਰੀ ਖੇਤਰ ਦੇ ਸਾਰੇ ਸੂਬਿਆਂ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਸੰਘ ਅਧਿਕਾਰੀ ਵੀ ਹਿੱਸਾ ਲੈਣਗੇ।
ਸਿਟੀ ਰੇਲਵੇ ਸਟੇਸ਼ਨ ਪੁਲਸ ਛਾਉਣੀ ’ਚ ਹੋਇਆ ਤਬਦੀਲ
ਮੋਹਨ ਭਾਗਵਤ ਦੇ ਆਉਣ ਦੀ ਖ਼ਬਰ ਤੋਂ 3 ਘੰਟੇ ਪਹਿਲਾਂ ਹੀ ਸਟੇਸ਼ਨ ਨੂੰ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਸੀ। ਰਾਤ ਕਰੀਬ 9:15 ਵਜੇ ਜਦੋਂ ਸ਼ਤਾਬਦੀ ਐਕਸਪ੍ਰੈੱਸ ਸਟੇਸ਼ਨ ’ਤੇ ਪਹੁੰਚੀ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਘੇਰ ਲਿਆ। ਕਿਸੇ ਨੂੰ ਵੀ ਉਸ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਇਸ ਦੌਰਾਨ ਸੁਰੱਖਿਆ ਏਜੰਸੀਆਂ ਵੀ ਕਾਫ਼ੀ ਸਰਗਰਮ ਰਹੀਆਂ। ਸਿਵਲ ਵਰਦੀ ’ਚ ਪੁਲਸ ਕਰਮਚਾਰੀ ਵੀ ਸਟੇਸ਼ਨ ’ਤੇ ਤਾਇਨਾਤ ਸਨ। ਸਟੇਸ਼ਨ ਦਾ ਸਰਕੂਲੇਟਿੰਗ ਏਰੀਆ ਵੀ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ। ਸਟੇਸ਼ਨ ਦੇ ਸਾਹਮਣੇ ਵਾਲੇ ਬਾਜ਼ਾਰ ਤੋਂ ਲਾਡੋਵਾਲੀ ਰੋਡ ਰਾਹੀਂ ਵਿਦਿਆ ਧਾਮ ਨੂੰ ਜਾਣ ਵਾਲੇ ਰਸਤੇ ’ਤੇ ਚੱਪੇ-ਚੱਪੇ ’ਤੇ ਪੁਲਸ ਤਾਇਨਾਤ ਸੀ।
ਇਹ ਵੀ ਪੜ੍ਹੋ : ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।