ਜਬਰ-ਜ਼ਨਾਹ ਦੇ ਦਰਿੰਦੇ 69 ਦਿਨਾਂ ਮਗਰੋਂ ਵੀ ਪੁਲਸ ਦੀ ਗ੍ਰਿਫਤ ''ਚੋਂ ਬਾਹਰ

Monday, Mar 16, 2020 - 02:19 PM (IST)

ਜਬਰ-ਜ਼ਨਾਹ ਦੇ ਦਰਿੰਦੇ 69 ਦਿਨਾਂ ਮਗਰੋਂ ਵੀ ਪੁਲਸ ਦੀ ਗ੍ਰਿਫਤ ''ਚੋਂ ਬਾਹਰ

ਮੋਹਾਲੀ (ਰਾਣਾ) : ਮੋਹਾਲੀ 'ਚ 7 ਜਨਵਰੀ ਨੂੰ ਇਕ ਲੜਕੀ ਨਾਲ ਹੋਏ ਜਬਰ-ਜ਼ਨਾਹ ਮਾਮਲੇ 'ਚ ਪੰਜਾਬ ਦੇ ਡੀ. ਜੀ. ਪੀ. ਨੇ ਮੋਹਾਲੀ ਵਿਚ ਪਹਿਲੀ ਵਾਰ ਐੱਸ. ਆਈ. ਟੀ. ਦਾ ਗਠਨ ਕੀਤਾ ਸੀ ਪਰ 69 ਦਿਨ ਬੀਤ ਜਾਣ ਤੋਂ ਬਾਅਦ ਵੀ ਐੱਸ. ਆਈ. ਟੀ. ਵਲੋਂ ਦਰਿੰਦਿਆਂ ਨੂੰ ਫੜਨਾ ਤਾਂ ਦੂਰ ਹੁਣ ਤਕ ਪੁਲਸ ਉਨ੍ਹਾਂ ਦਾ ਹੁਲੀਆ ਤਕ ਪਤਾ ਨਹੀਂ ਕਰ ਸਕੀ। ਨਾਲ ਹੀ ਨਾ ਹੀ ਉਸ ਆਟੋ ਦਾ ਨੰਬਰ ਟਰੇਸ ਕਰ ਸਕੀ ਹੈ ਜਿਸ 'ਚ ਦੋਵੇਂ ਦਰਿੰਦਿਆਂ ਨੇ ਲੜਕੀ ਦੇ ਨਾਲ ਜਬਰ-ਜ਼ਨਾਹ ਕੀਤਾ ਸੀ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਇਸ ਮਾਮਲੇ ਵਿਚ ਏ. ਐੱਸ. ਪੀ. ਅਸ਼ਵਨੀ ਗੋਤੀਆਲ ਦੀ ਅਗਵਾਈ ਵਿਚ ਐੱਸ. ਆਈ. ਟੀ. ਬਣਾਈ ਗਈ ਸੀ, ਜਿਸ ਵਿਚ ਸਬ-ਇੰਸਪੈਕਟਰ ਮੀਨੂ ਹੁੱਡਾ ਅਤੇ ਮਹਿਲਾ ਕਾਂਸਟੇਬਲ ਅਮਨਜੀਤ ਕੌਰ ਸ਼ਾਮਲ ਸਨ, ਨਾਲ ਹੀ ਇਸ ਕੇਸ ਦੀ ਨਿਗਰਾਨੀ ਦਾ ਜ਼ਿੰਮਾ ਏ. ਡੀ. ਜੀ. ਪੀ. ਗੁਰਪ੍ਰੀਤ ਦਿਓ ਨੂੰ ਸੌਂਪਿਆ ਗਿਆ ਸੀ।

ਪਹਿਲੇ ਪੜਾਅ 'ਚ ਹੀ ਫੇਲ ਸਾਬਤ ਹੋਈ ਐੱਸ. ਆਈ. ਟੀ.
ਜਾਣਕਾਰੀ ਅਨੁਸਾਰ 7 ਜਨਵਰੀ 2020 ਨੂੰ ਮਟੌਰ ਥਾਣੇ ਦੇ ਏਰੀਏ ਵਿਚ ਇਕ ਲੜਕੀ ਦੇ ਨਾਲ ਇਕ ਆਟੋ ਚਾਲਕ ਅਤੇ ਉਸ ਦੇ ਸਾਥੀ ਨੇ ਜਬਰ-ਜ਼ਨਾਹ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਡੀ. ਜੀ. ਪੀ. ਨੇ ਪੰਜਾਬ ਵਿਚ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਲਈ ਇਕ ਐੱਸ. ਆਈ. ਟੀ. ਦਾ ਗਠਨ ਕੀਤਾ ਸੀ ਅਤੇ ਉਸ ਐੱਸ. ਆਈ. ਟੀ. ਦੇ ਕੋਲ ਪਹਿਲਾ ਮਾਮਲਾ ਮੋਹਾਲੀ ਦਾ ਆਇਆ ਸੀ, ਜਿਸ ਨੂੰ 69 ਦਿਨ ਬੀਤ ਚੁੱਕੇ ਹਨ ਪਰ ਇਸ ਵਿਚ ਐੱਸ. ਆਈ. ਟੀ. ਦੇ ਹੱਥ ਮੁਲਜ਼ਮਾਂ ਦਾ ਇਕ ਵੀ ਸੁਰਾਗ ਨਹੀਂ ਲਗ ਸਕਿਆ, ਜਿਸ ਨੂੰ ਦੇਖਣ ਤੋਂ ਬਾਅਦ ਲਗਦਾ ਹੈ ਕਿ ਪੰਜਾਬ ਦੇ ਡੀ. ਜੀ. ਪੀ. ਵਲੋਂ ਜਬਰ-ਜ਼ਨਾਹ ਕਰਨ ਵਾਲੇ ਦਰਿੰਦਿਆਂ ਨੂੰ ਦਬੋਚਣ ਦੇ ਵਿਰੁੱਧ ਚਲਾਈ ਗਈ ਮੁਹਿੰਮ ਫੇਲ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ।

ਕੈਮਿਸਟ ਦੁਕਾਨ ਉੱਤੇ ਪੀੜਤਾ ਨੂੰ ਛੱਡ ਕੇ ਭੱਜੇ ਸਨ ਮੁਲਜ਼ਮ
ਘਟਨਾ ਵਾਲੀ ਰਾਤ ਨੂੰ ਹੀ 'ਹੈਲਪ ਮੀ ਪਲੀਜ਼' ਬੋਲਣ ਉੱਤੇ ਪੀੜਤਾ ਨੂੰ ਫੇਜ਼-9 ਸਥਿਤ ਕੈਮਿਸਟ ਦੁਕਾਨ ਦੇ ਸਾਹਮਣੇ ਛੱਡ ਕੇ ਭੱਜੇ ਸਨ ਦੋਵੇਂ ਮੁਲਜ਼ਮ, ਜਿਸ ਤੋਂ ਬਾਅਦ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਆਪਣੀ ਗੱਡੀ ਆਟੋ ਦੇ ਅੱਗੇ ਲਗਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਜ਼ਮ ਆਟੋ ਚਾਲਕ ਰੌਂਗ ਸਾਈਡ ਕੱਟ ਮਾਰ ਕੇ ਆਟੋ ਨੂੰ ਭਜਾ ਲੈ ਗਿਆ। ਇਸ ਗੱਲ ਦਾ ਖੁਲਾਸਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਉਸ ਵੀਡੀਓ ਨਾਲ ਹੋਇਆ ਜੋ ਕੈਮਿਸਟ ਦੁਕਾਨ ਦੇ ਕੁਝ ਦੂਰੀ ਉੱਤੇ ਜਾ ਕੇ ਲੱਗੇ ਹੋਏ ਸਨ ਪਰ ਉਸ ਤੋਂ ਬਾਅਦ ਵੀ ਪੁਲਸ ਮੁਲਜ਼ਮਾਂ ਨੂੰ ਟਰੇਸ ਨਹੀਂ ਕਰ ਸਕੀ।

ਕਈ ਆਟੋ ਟੈਂਪਰੇਰੀ ਨੰਬਰ 'ਤੇ ਹੀ ਦੌੜ ਰਹੇ ਹਨ :ਸੂਤਰਾਂ ਦੀ ਮੰਨੀਏ ਤਾਂ ਮੋਹਾਲੀ ਸ਼ਹਿਰ ਵਿਚ ਜ਼ਿਆਦਾਤਰ ਆਟੋ ਟੈਂਪਰੇਰੀ ਨੰਬਰ ਉੱਤੇ ਹੀ ਸੜਕ ਉੱਤੇ ਦੌੜ ਰਹੇ ਹਨ, ਇਸ ਦੇ ਨਾਲ ਹੀ ਜਿਨ੍ਹਾਂ ਆਟੋ ਉੱਤੇ ਹਾਈਸਕਿਓਰਿਟੀ ਨੰਬਰ ਪਲੇਟ ਲੱਗੀ ਹੋਈ ਵੀ ਹੁੰਦੀ ਹੈ ਤਾਂ ਉਸ ਆਟੋ ਦੇ ਮਾਲਕ ਵੀ ਰਾਤ ਦੇ ਸਮੇਂ ਆਪਣੇ ਆਟੋ ਨੂੰ ਕਿਰਾਏ ਉੱਤੇ ਚਲਾਉਣ ਲਈ ਦੇ ਦਿੰਦੇ ਹਨ ਪਰ ਉਹ ਆਟੋ ਨੂੰ ਕਿਰਾਏ ਉੱਤੇ ਦਿੰਦੇ ਸਮੇ ਇਹ ਨਹੀਂ ਵੇਖਦੇ ਕਿ ਜਿਸ ਨੂੰ ਉਹ ਆਟੋ ਦੇ ਰਹੇ ਹਨ ਕਿ ਉਸ ਦੇ ਕੋਲ ਲਾਇਸੈਂਸ ਹੈ ਜਾਂ ਨਹੀਂ, ਅਜਿਹੇ ਕਈ ਮਾਮਲੇ ਫੇਜ਼-6 ਪੁਲਸ ਚੌਕੀ ਤੋਂ ਇਲਾਵਾ ਸ਼ਹਿਰ ਦੇ ਪੁਲਸ ਸਟੇਸ਼ਨ ਵਿਚ ਵੀ ਆ ਚੁੱਕੇ ਹਨ। ਉਸ ਤੋਂ ਬਾਅਦ ਵੀ ਆਰ. ਟੀ. ਏ. ਦੇ ਨਾਲ ਪੁਲਸ ਵਿਭਾਗ ਇਸ ਨੂੰ ਰੋਕਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ।

ਪੀੜਤਾ ਨੇ ਜੋ ਤਿੰਨ ਰੂਟ ਦੱਸੇ ਸਨ ਉਨ੍ਹਾਂ ਸਾਰਿਆਂ ਉੱਤੇ ਉਨ੍ਹਾਂ ਦੀ ਅਗਵਾਈ ਵਿਚ ਟੀਮਾਂ ਨੇ ਜਾਂਚ ਕੀਤੀ ਸੀ ਪਰ ਕੋਈ ਸੁਰਾਗ ਹੱਥ ਨਹੀਂ ਲੱਗਿਆ, ਜਿਸ ਤੋਂ ਬਾਅਦ ਘਟਨਾ ਸਥਾਨ ਤੋਂ ਡੰਪ ਡਾਟਾ ਵੀ ਚੁੱਕਿਆ ਗਿਆ ਸੀ ਪਰ ਕੁਝ ਪਤਾ ਨਹੀਂ ਲੱਗਿਆ। - ਅਸ਼ਵਨੀ ਗੋਤੀਆਲ, ਏ. ਐੱਸ. ਪੀ. (ਸਿਟੀ-1) ਮੋਹਾਲੀ।


author

Anuradha

Content Editor

Related News