ਕੈਨੇਡਾ ਜਾਣ ਲਈ ਨੌਜਵਾਨ ਵਲੋਂ 'ਪ੍ਰੀਤ' ਨਾਲ ਪਾਈਆਂ ਪ੍ਰੀਤਾਂ 17 ਲੱਖ 'ਚ ਪਈਆਂ, ਸਦਮੇ 'ਚ ਪਰਿਵਾਰ
Tuesday, Dec 15, 2020 - 11:36 AM (IST)
ਮੋਗਾ (ਅਜ਼ਾਦ): ਮੋਗਾ ਜ਼ਿਲ੍ਹੇ ਦੇ ਪਿੰਡ ਸਮਾਧ ਭਾਈ ਨਿਵਾਸੀ ਜਸਪ੍ਰੀਤ ਸਿੰਘ ਨੂੰ ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਪ੍ਰੀਤਕੋਮਲ ਕੌਰ ਨਿਵਾਸੀ ਬਰਨਾਲਾ ਹਾਲ ਅਬਾਦ ਕੈਨੇਡਾ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਕਥਿਤ ਮਿਲੀਭੁਗਤ ਕਰ ਕੇ 17 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣਾ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ।
ਇਹ ਵੀ ਪੜ੍ਹੋ : ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬੀਬੀ ਜਗੀਰ ਕੌਰ ਨੇ ਲਿਆ ਸਖ਼ਤ ਨੋਟਿਸ
ਉਸ ਨੇ ਕਿਹਾ ਕਿ ਉਨ੍ਹਾਂ ਦੀ ਇਕ ਰਿਸ਼ਤੇਦਾਰ ਜਨਾਨੀ ਨੇ ਸਾਨੂੰ ਕੈਨੇਡਾ ਤੋਂ ਆਈ ਇਕ ਕੁੜੀ ਦੇ ਬਾਰੇ ਦੱਸਿਆ ਅਤੇ ਕਿਹਾ ਕਿ ਆਪ ਆ ਕੇ ਗੱਲਬਾਤ ਕਰ ਲਿਓ, ਜਿਸ 'ਤੇ ਅਸੀਂ ਉਨ੍ਹਾਂ ਦੇ ਘਰ ਗਏ ਅਤੇ ਉਸਦੀ ਮਾਸੀ ਦਲਜੀਤ ਕੌਰ ਅਤੇ ਮਾਸੜ ਰਘਵੀਰ ਸਿੰਘ ਨਿਵਾਸੀ ਬਰਨਾਲਾ ਹਾਲ ਕੈਨੇਡਾ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਪ੍ਰੀਤ ਕੋਮਲ ਕੌਰ ਕੈਨੇਡਾ ਤੋਂ ਆਈ ਹੈ ਅਤੇ ਐਜੂਕੇਸ਼ਨ ਬੇਸ ਤੇ ਗਈ ਹੈ। ਜੇਕਰ ਤੁਸੀਂ ਉਸਦੀ ਪੜ੍ਹਾਈ ਅਤੇ ਉਥੇ ਰਹਿਣ ਦਾ ਖਰਚਾ ਕਰ ਸਕਦੇ ਹੋ ਤਾਂ ਪ੍ਰੀਤ ਕੋਮਲ ਕੌਰ ਪੱਕਾ ਵਿਆਹ ਕਰ ਕੇ ਜਸਪ੍ਰੀਤ ਸਿੰਘ ਨੂੰ ਕੈਨੇਡਾ ਲੈ ਜਾਵੇਗੀ, ਜਿਸ ਤੇ ਸਾਡੀ ਗੱਲਬਾਤ ਪੱਕੀ ਹੋ ਗਈ। ਇਸ ਦੇ ਬਾਅਦ 29 ਜੂਨ 2018 ਨੂੰ ਮੇਰਾ ਵਿਆਹ ਪ੍ਰੀਤ ਕੋਮਲ ਕੌਰ ਦੇ ਨਾਲ ਐੱਮ.ਡੀ. ਪੈਲੇਸ ਬੱਧਨੀ ਕਲਾਂ 'ਚ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਹੋਇਆ, ਜਿਸ ਤੇ ਅਸੀਂ ਕੁੜੀ ਦੀ ਮਾਸੀ ਅਤੇ ਮਾਸੜ ਨੂੰ 5 ਲੱਖ ਰੁਪਏ ਨਕਦ ਦੇਣ ਦੇ ਇਲਾਵਾ ਵਿਆਹ ਦਾ ਸਾਰਾ ਖਰਚਾ ਕੀਤਾ। ਇਸ ਦੇ ਬਾਅਦ ਤਹਿਸੀਲਦਾਰ ਬਾਘਾ ਪੁਰਾਣਾ ਦੀ ਅਦਾਲਤ 'ਚ 5 ਜੁਲਾਈ 2018 ਨੂੰ ਸਾਡੀ ਵਿਆਹ ਦੀ ਰਜਿਸਟ੍ਰੇਸ਼ਨ ਹੋ ਗਈ, ਉਸਦਾ ਖਰਚਾ ਵੀ ਅਸੀਂ ਕੀਤਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਪਹੁੰਚਿਆ ਵਰਦੀਧਾਰੀ ਫ਼ੌਜੀ, ਖੁਫ਼ੀਆ ਤੰਤਰ ਚੌਕਸ
ਸ਼ਿਕਾਇਤ ਕਰਤਾ ਨੇ ਕਿਹਾ ਕਿ 29 ਜੂਨ 2018 ਤੋਂ 5 ਜੁਲਾਈ 2018 ਤੱਕ ਜਦ ਤੱਕ ਪ੍ਰੀਤ ਕੋਮਲ ਕੌਰ ਵਾਪਸ ਕੈਨੇਡਾ ਨਹੀਂ ਗਈ ਉਹ ਸਾਡੇ ਕੋਲ ਰਹੀ ਅਤੇ ਮੈਂ ਹੀ ਉਸ ਨੂੰ 50 ਹਜ਼ਾਰ ਰੁਪਏ ਦੀ ਟਿਕਟ ਲੈ ਕੇ ਦਿੱਤੀ ਅਤੇ ਉਸ ਨੂੰ ਦਿੱਲੀ ਹਵਾਈ ਅੱਡੇ 'ਤੇ ਚੜਾ ਕੇ ਆਇਆ। ਉਹ ਮੇਰੇ ਨਾਲ ਕਈ ਮਹੀਨਿਆਂ ਤੱਕ ਗੱਲਬਾਤ ਕਰਦੀ ਰਹੀ। ਮੈਂ ਉਸਦੇ ਕਹਿਣ ਤੇ ਕੈਨੇਡਾ 'ਚ ਕਾਲਜ ਦੀਆਂ ਫੀਸਾਂ ਅਤੇ ਮਕਾਨ ਦਾ ਕਿਰਾਇਆ ਅਤੇ ਹੋਰ ਖਰਚਾ ਵੀ ਭੇਜਿਆ, ਪਰ ਬਾਅਦ ਵਿਚ ਉਸਨੇ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਅਸੀਂ ਕਈ ਵਾਰ ਕਥਿਤ ਦੋਸ਼ੀਆਂ ਦਲਜੀਤ ਕੌਰ ਅਤੇ ਰਘਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਟਾਲਮਟੋਲ ਕਰਨ ਲੱਗੇ, ਜਦ ਮੈਂ ਆਪਣੀ ਪਤਨੀ ਪ੍ਰੀਤਕੋਮਲ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਬਹਾਨਾ ਲਗਾ ਕੇ ਟਾਲਦੀ ਰਹੀ ਅਤੇ ਕਿਹਾ ਕਿ ਕੈਨੇਡਾ ਦੇ ਕਾਨੂੰਨ ਬਦਲ ਗਏ ਹਨ। ਜਲਦ ਹੀ ਉਹ ਕੇਸ ਅਪਲਾਈ ਕਰੇਗੀ। 24 ਜੁਲਾਈ 2010 ਦੇ ਬਾਅਦ ਉਸ ਨੇ ਸਾਡੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਇਸ ਦੇ ਬਾਅਦ ਮੈਂ ਆਪਣੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ। ਸਾਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਮੇਰੀ ਪਤਨੀ ਦੀ ਮਾਤਾ ਉਸ ਨੂੰ ਛੱਡ ਕੇ ਚਲੀ ਗਈ ਸੀ ਪਰ ਬਾਅਦ ਵਿਚ ਸਾਨੂੰ ਉਸਦੀ ਮਾਤਾ ਕੁਲਵਿੰਦਰ ਕੌਰ ਨੇ ਫੋਨ ਕਰ ਕੇ ਮਿਲਣ ਦੇ ਲਈ ਕਿਹਾ ਤਾਂ ਸਾਨੂੰ ਯਕੀਨ ਨਹੀਂ ਹੋਇਆ ਅਤੇ ਉਸਦੇ ਕਹਿਣ ਤੇ ਜਦ ਅਸੀਂ ਉਸ ਨੂੰ ਮਿਲਣ ਦੇ ਲਈ ਗਏ ਤਾਂ ਉਸਨੇ ਸਾਡੇ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਮੇਰੀ ਬੇਟੀ ਦੀਆਂ ਤਸਵੀਰਾਂ ਡਲੀਟ ਨਾ ਕੀਤੀਆਂ ਤਾਂ ਉਹ ਉਸਦੇ ਖ਼ਿਲਾਫ਼ ਦਾਜ ਦਾ ਮਾਮਲਾ ਦਰਜ ਕਰਵਾ ਦੇਵੇਗੀ ਅਤੇ ਅਸੀਂ ਡਰ ਗਏ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਹੌਲੀ-ਹੌਲੀ ਕਰ ਕੇ 17 ਲੱਖ ਰੁਪਏ ਹੜੱਪ ਕਰ ਲਏ ਅਤੇ ਮੇਰੀ ਪਤਨੀ ਨੇ ਨਾ ਤਾਂ ਮੈਨੂੰ ਕੈਨੇਡਾ ਬੁਲਾਇਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ ਅਤੇ ਉਸਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਕਥਿਤ ਮਿਲੀਭੁਗਤ ਕਰ ਕੇ 17 ਲੱਖ ਰੁਪਏ ਹੜੱਪ ਕਰ ਲਏ ਅਤੇ ਸਾਡੇ ਨਾਲ ਧੋਖਾ ਕੀਤਾ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ ਤੇ ਇਸ ਦੀ ਜਾਂਚ ਡੀ.ਐੱਸ.ਪੀ.ਆਈ ਮੋਗਾ ਵਲੋਂ ਕੀਤੀ ਗਈ ਅਤੇ ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ਤੇ ਥਾਣਾ ਬਾਘਾ ਪੁਰਾਣਾ 'ਚ ਪ੍ਰੀਤਕੋਮਲ ਕੌਰ ਨਿਵਾਸੀ ਬਰਨਾਲਾ ਹਾਲ ਅਬਾਦ ਕੈਨੇਡਾ ਅਤੇ ਰਘਵੀਰ ਸਿੰਘ ਨਿਵਾਸੀ ਕੈਨੇਡਾ ਹਾਲ ਅਬਾਦ ਬਰਨਾਲਾ (ਸੰਗਰੂਰ) ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਸਾਹਮਣੇ ਆਇਆ 'ਆਪ' ਦਾ ਖ਼ਾਲਿਸਤਾਨੀ ਚਿਹਰਾ?
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ