ਸਰਕਾਰੀ ਹਸਪਤਾਲ ’ਚ ਡਲਿਵਰੀ ਦੌਰਾਨ ਔਰਤਾਂ ਨੂੰ ਦਿੱਤੀ ਜਾਣ ਵਾਲੀ ‘ਸੰਤੁਲਿਤ ਖੁਰਾਕ’ ਵਿਵਾਦਾਂ ’ਚ ਘਿਰੀ
Monday, Apr 08, 2019 - 04:02 AM (IST)
ਮੋਗਾ (ਗੋਪੀ ਰਾਊਕੇ)-ਇਕ ਪਾਸੇ ਜਿੱਥੇ ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ ਤਹਿਤ ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਲਈ ਚੰਗੀਆਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਸਰਕਾਰੀ ਹਸਪਤਾਲਾਂ ’ਚ ਪੂਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ। ਤਾਜ਼ਾ ਮਾਮਲਾ ਇਸ ਸਕੀਮ ਤਹਿਤ ਸਰਕਾਰੀ ਹਸਪਤਾਲਾਂ ਵਿਚ ਡਲਿਵਰੀ ਕਰਵਾਉਣ ਵਾਲੀਆਂ ਔਰਤਾਂ ਨੂੰ ਸੰਤੁਲਿਤ ਖੁਰਾਕ ਮੁਹੱਈਆ ਕਰਵਾਉਣ ਦਾ ਹੈ, ਜਿਸ ਤਹਿਤ ਡਲਿਵਰੀ ਕਰਵਾਉਣ ਵਾਲੀਆਂ ਔਰਤਾਂ ਨੂੰ ਰੋਜ਼ਾਨਾ ਨਿਯਮਾਂ ਤਹਿਤ ਫਲ, ਦੁੱਧ ਸਮੇਤ ਸੰਤੁਲਿਤ ਭੋਜਨ ਮੁਹੱਈਆ ਕਰਵਾਉਣਾ ਹੁੰਦਾ ਹੈ ਪਰ ਮੋਗਾ ਦੇ ਸਿਵਲ ਹਸਪਤਾਲ ਵਿਚ ਔਰਤਾਂ ਨੂੰ ਅਕਸਰ ਹੀ ‘ਦਾਲ-ਫੁਲਕਾ’ ਦਿੱਤਾ ਜਾ ਰਿਹਾ ਹੈ। ‘ਜਗ ਬਾਣੀ’ ਵਲੋਂ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਤੱਥ ਉੱਭਰਿਆ ਹੈ ਕਿ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਹਰ ਮਹੀਨੇ 550 ਤੋਂ 600 ਤੱਕ ਡਲਿਵਰੀ ਕੇਸ ਆਉਂਦੇ ਹਨ। ਰੋਜ਼ਾਨਾ ਸੰਤੁਲਿਤ ਭੋਜਨ ’ਤੇ ਔਸਤਨ 5 ਹਜ਼ਾਰ ਦਾ ਖਰਚਾ ਦਿਖਾਇਆ ਜਾਂਦਾ ਹੈ, ਜਦਕਿ ਸਾਲਾਨਾ 7 ਲੱਖ ਦੀ ਅਦਾਇਗੀ ਇਸ ’ਤੇ ਖਰਚ ਹੁੰਦੀ ਹੈ। ਸੰਤੁਲਿਤ ਖੁਰਾਕ’ ਸਕੀਮ ਦਾ ਖਾਣਾ ਤਿਆਰ ਕਰਨ ਲਈ ਕੋਈ ਵੱਖਰੀ ਰਸੋਈ ਵੀ ਨਹੀਂ ਹੈ ਅਤੇ ਖੁੱਲ੍ਹੇ ਪਤੀਲੇ ਵਿਚ ਹੀ ਦਾਲ ਅਤੇ ਟੋਕਰੀ ਵਿਚ ਰੋਟੀਆਂ ਬਣਾ ਕੇ ਬਾਹਰ ਤੋਂ ਲਿਆਈਆਂ ਜਾਂਦੀਆਂ ਹਨ। ਡਲਿਵਰੀ ਕਰਵਾਉਣ ਲਈ ਆਉਣ ਵਾਲੇ ਲੋਕਾਂ ’ਚੋਂ ਬਹੁਤੇ ਤਾਂ ਘਰਾਂ ਤੋਂ ਹੀ ਖਾਣਾ ਅਤੇ ਦੁੱਧ ਲੈ ਕੇ ਆਉਂਦੇ ਹਨ ਪਰ ਦੂਰ-ਦੁਰਾਡੇ ਖ਼ੇਤਰ ਤੋਂ ਆਉਣ ਵਾਲੇ ਲੋਕ ਜ਼ਰੂਰ ਇੱਥੋਂ ਰੋਟੀ ਲੈਂਦੇ ਹਨ। ਇਸ ਸਕੀਮ ਤਹਿਤ ਖਾਣਾ ਬਣਾਉਣ ਦਾ ਕੰਮ ਸਿਹਤ ਵਿਭਾਗ ਦੇ ਇਕ ਕਰਮਚਾਰੀ ਦਾ ਨਜ਼ਦੀਕੀ ਰਿਸ਼ਤੇਦਾਰ ਹੀ ਦੇਖ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਕੀਮ ਸਬੰਧੀ ਸਿਵਲ ਹਸਪਤਾਲ ਵਿਖੇ ਡਲਿਵਰੀ ਕਰਵਾਉਣ ਵਾਲੇ ਲੋਕਾਂ ਨੂੰ ਵੀ ਜ਼ਿਆਦਾ ਪਤਾ ਨਹੀਂ ਹੈ। ਹਸਪਤਾਲ ’ਚ ਇਸ ਸਕੀਮ ਤਹਿਤ ਪਿਛਲੇ ਸਾਲ ਦੌਰਾਨ 6797 ਮਹਿਲਾਵਾਂ ਦੀ ਡਲਿਵਰੀ ਹੋਈ, ਜਿਸ ਤਹਿਤ ਇਕੱਲੀ ਭੋਜਨ ਸਕੀਮ ’ਤੇ ਹੀ 6.79 ਲੱਖ ਰੁਪਏ ਖਰਚ ਕੀਤੇ ਗਏ ਹਨ। ਡਲਿਵਰੀ ਦੌਰਾਨ ਆਪ੍ਰੇਸ਼ਨ ਕੇਸ ਲਈ ਸੱਤ ਦਿਨ ਅਤੇ ਨਾਰਮਲ ਕੇਸ ’ਤੇ ਤਿੰਨ ਦਿਨ ਔਰਤ ਨੂੰ ਪੌਸ਼ਟਿਕ ਭੋਜਨ ਦੇਣਾ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਇਕ ਜੱਚਾ-ਬੱਚਾ ਦੀ ਸਿਹਤਯਾਬੀ ਲਈ 100 ਰੁਪਏ ਖਰਚ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਜੱਚਾ-ਬੱਚਾ ਨੂੰ ਘਰ ਛੱਡਣ ਲਈ ਸਰਕਾਰੀ ਗੱਡੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਕੀ ਕਹਿਣੈ ਮੈਡੀਕਲ ਅਫਸਰ ਦਾਇਸ ਮਾਮਲੇ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਕੀਮ ਵਿਚ ਕਿਸੇ ਤਰ੍ਹਾਂ ਦਾ ਕੋਈ ਘਪਲਾ ਨਹੀਂ ਹੈ। ਰੋਜ਼ਾਨਾ ਇਕ ਮਰੀਜ਼ ਦੀ ਖੁਰਾਕ ’ਤੇ 100 ਰੁਪਏ ਖਰਚ ਕਰਨ ਦੀ ਹਦਾਇਤ ਹੈ, ਜਿਸ ਤਹਿਤ ਮਰੀਜ਼ਾਂ ਨੂੰ ਖੁਰਾਕ ਉਪਲੱਬਧ ਕਰਵਾਈ ਜਾ ਰਹੀ ਹੈ। ਹਸਪਤਾਲ ਵਿਚ ਜੱਚਾ-ਬੱਚਾ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
