ਫਰੀਦਕੋਟ ਤੋਂ ਕਾਂਗਰਸ ਦੀ ਟਿਕਟ ਲਈ ਮਾਂ-ਪੁੱਤ ਨੇ ਪੇਸ਼ ਕੀਤੀ ਦਾਅਵੇਦਾਰੀ
Tuesday, Apr 02, 2019 - 04:14 AM (IST)

ਮੋਗਾ (ਗੋਪੀ ਰਾਊਕੇ)-ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੇ ਸਾਬਕਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਤੇ ਲੋਕ ਸਭਾ ਹਲਕਾ ਫਰੀਦਕੋਟ ਯੂੁਥ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਡਿੰਪਲ ਨੇ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬੀਬੀ ਜਗਦਰਸ਼ਨ ਕੌਰ ਇਸ ਗੱਲੋਂ ਟਿਕਟ ’ਤੇ ਆਪਣਾ ਹੱਕ ਜਤਾ ਰਹੇ ਹਨ ਕਿਉਂਕਿ ਜਿੱਥੇ ਉਨ੍ਹਾਂ ਕੋਲ ਸਿਆਸੀ ਖ਼ੇਤਰ ਦਾ ਲੰਮਾ ਤਜਰਬਾ ਹੈ, ਉੱਥੇ ਹੀ ਉਹ ਔਰਤ ਕੋਟੇ ’ਚੋਂ ਵੀ ਟਿਕਟ ਪ੍ਰਾਪਤੀ ਲਈ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ। ਪਤਾ ਲੱਗਾ ਹੈ ਕਿ ਹਰ ਵਾਰ ਪਾਰਟੀ ਵੱਲੋਂ ਪੰਜਾਬ ਵਿਚ 2 ਜਾਂ 3 ਔਰਤਾਂ ਨੂੰ ਪਾਰਟੀ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਜਿਸ ਕਰ ਕੇ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਬਣਦੀ ਜਾ ਰਹੀ ਹੈ। ਉਨ੍ਹਾਂ ਦਾ ਸਪੁੱਤਰ ਪ੍ਰਮਿੰਦਰ ਡਿੰਪਲ ਯੂਥ ਵਿੰਗ ਕੋਟੇ ’ਚੋਂ ਟਿਕਟ ਪ੍ਰਾਪਤੀ ਦੀ ਦੌਡ਼ ਵਿਚ ਹੈ। ਇਸ ਹਲਕੇ ’ਚ ਮਜ਼੍ਹਬੀ ਸਿੱਖ ਭਾਈਚਾਰੇ ਦਾ ਵੋਟ ਬੈਂਕ ਜ਼ਿਆਦਾ ਹੋਣ ਕਰਕੇ ਇਸ ਪਰਿਵਾਰ ਦੇ ਸਮਰਥਕ ਇਨ੍ਹਾਂ ਦੋਹਾਂ ’ਚੋਂ ਕਿਸੇ ਇਕ ਲਈ ਟਿਕਟ ਦੀ ਮੰਗ ਹੋਰ ਵੀ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਮੋਗਾ ਵਿਖੇ ਵੱਖ-ਵੱਖ ਕਾਂਗਰਸੀ ਆਗੂਆਂ ਨੇ ਮੀਟਿੰਗ ਕਰ ਕੇ ਹਾਈ ਕਮਾਂਡ ਤੋਂ ਮੰਗ ਕੀਤੀ ਸੀ ਕਿ ਇਸ ਸੀਟ ਤੋਂ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਿਤ ਕਿਸੇ ਆਗੂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇ। ਇਸ ਸਬੰਧੀ ਸੰਪਰਕ ਪ੍ਰਧਾਨ ਪ੍ਰਮਿੰਦਰ ਡਿੰਪਲ ਦਾ ਕਹਿਣਾ ਸੀ ਕਿ ਜੇਕਰ ਪਾਰਟੀ ਨੇ ਮੈਨੂੰ ਜਾ ਮੇਰੀ ਮਾਤਾ ਨੂੰ ਪਾਰਟੀ ਟਿਕਟ ਨਾਲ ਨਿਵਾਜਿਆ ਤਾਂ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ।