ਦੁਕਾਨ ਦਾ ਸ਼ਟਰ ਤੋੜ ਕੇ ਕੀਤੇ ਮੋਬਾਇਲ ਚੋਰੀ

Sunday, Feb 18, 2018 - 08:14 AM (IST)

ਦੁਕਾਨ ਦਾ ਸ਼ਟਰ ਤੋੜ ਕੇ ਕੀਤੇ ਮੋਬਾਇਲ ਚੋਰੀ

ਬਨੂੜ (ਗੁਰਪਾਲ) - ਬੀਤੀ ਰਾਤ ਸ਼ਹਿਰ 'ਚ ਸਥਿਤ ਗੁੱਗਾ ਮਾੜੀ ਦੇ ਸਾਹਮਣੇ ਸਥਿਤ ਸਨੀ ਟੈਲੀਕਾਮ ਦੀ ਦੁਕਾਨ ਦਾ ਅਣਪਛਾਤਿਆਂ ਵੱਲੋਂ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਮੋਬਾਇਲ ਚੋਰੀ ਕਰ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਨੀ ਟੈਲੀਕਾਮ ਦੇ ਮਾਲਕ ਸੰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਉੜਦਨ ਥਾਣਾ ਬਨੂੜ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਨ ਉਪਰੰਤ ਤਾਲਾ ਲਾ ਕੇ ਘਰ ਚਲਾ ਗਿਆ ਤੇ ਸਵੇਰੇ ਹੋਰ ਵਿਅਕਤੀਆਂ ਨੇ ਫੋਨ 'ਤੇ ਸੂਚਿਤ ਕੀਤਾ ਕਿ ਉਸ ਦੀ ਦੁਕਾਨ ਦਾ ਸ਼ਟਰ ਪੁੱਟਿਆ ਪਿਆ ਹੈ, ਜਿਸ ਦੀ ਸੂਚਨਾ ਮਿਲਦੇ ਹੀ ਜਦੋਂ ਉਹ ਦੁਕਾਨ 'ਤੇ ਪੁੱਜਿਆ ਤਾਂ ਦੇਖਿਆ ਕਿ ਚੋਰ ਦੁਕਾਨ ਦਾ ਸ਼ਟਰ ਲੋਹੇ ਦੀਆਂ ਰਾਡਾਂ ਨਾਲ ਤੋੜ ਕੇ ਦੁਕਾਨ 'ਚ ਵੜ ਕੇ ਪਏ ਤਕਰੀਬਨ 46 ਮੋਬਾਇਲ ਤੇ 2500 ਰੁਪਏ ਦੀ ਨਕਦੀ ਚੁੱਕ ਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਅਣਪਛਾਤੇ ਨੌਜਵਾਨ ਦੁਕਾਨ 'ਚ ਚੋਰੀ ਕਰਦੇ ਹੋਏ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਏ। ਚੋਰੀ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਗੁਰਨਾਮ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ਦਾ ਜਾਇਜ਼ਾ ਲਿਆ ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਨੇ ਦੱਸਿਆ ਕਿ ਚੋਰੀ ਹੋਏ ਮੋਬਾਇਲਾਂ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਸੀ। ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਡਾ. ਭੁਪਿੰਦਰ ਸਿੰਘ ਮਨੌਲੀਸੂਰਤ ਨੇ ਪ੍ਰਸ਼ਾਸਨ ਤੋਂ ਪੀੜਤ ਦੁਕਾਨਦਾਰ ਨੂੰ ਯੋਗ ਮੁਆਵਜ਼ਾ ਦੇਣ ਦੇ ਨਾਲ ਹੀ ਇਲਾਕੇ ਵਿਚ ਰਾਤ ਨੂੰ ਗਸ਼ਤ ਕਰਨ ਦੀ ਮੰਗ ਕੀਤੀ ਤਾਂ ਜੋ ਲੋਕਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।


Related News