ਦੀਨਾਨਗਰ ਅੰਦਰ ਚੋਰਾਂ ਦੀ ਭਰਮਾਰ, ਨਹੀਂ ਬਖਸ਼ਿਆ ਓਟ ਸੈਂਟਰ, 4081 ਗੋਲੀਆ ਚੋਰੀ
Wednesday, Aug 13, 2025 - 04:45 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਸਟੇਸ਼ਨ ਦੀਨਨਗਰ ਅਧੀਨ ਆਉਂਦੇ ਇਲਾਕਿਆਂ ਵਿਚ ਨਿੱਤ ਦਿਨ ਚੋਰੀ ਦੀਆਂ ਅਤੇ ਲੁੱਟ-ਖੋਹ ਦੀਆਂ ਘਟਨਾ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਜਿਸ ਕਾਰਨ ਲੋਕਾਂ ਵਿਚ ਚੋਰਾਂ ਦੀ ਦਹਿਸ਼ਤ ਵੇਖੀ ਜਾ ਰਹੀ ਹੈ। ਇਸ ਦੀ ਮਿਸਾਲ ਚੋਰਾਂ ਵੱਲੋਂ ਇਕ ਨੇੜਲੇ ਪਿੰਡ ਝੜੋਲੀ ਵਿਖੇ ਓਟ ਸੈਂਟਰ ਅੰਦਰੋਂ ਬਿਊਪ੍ਰੇਨੋਰਫਾਈਨ ਮਾਰਕਾ ਦੀਆਂ ਗੋਲੀਆਂ ਚੋਰੀ ਕਰਨ ਤੋਂ ਮਿਲਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਫਾਰਮੇਸੀ ਅਫਸਰ ਓਟ ਸੈਂਟਰ ਝੜੋਲੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਫਾਰਮੇਸੀ ਅਫਸਰ ਓਟ ਸੈਂਟਰ ਝੜੋਲੀ ਵਿਚ ਡਿਊਟੀ ਕਰਦਾ ਹੈ।
ਹਰ ਰੋਜ਼ ਦੀ ਤਰ੍ਹਾਂ ਕਰੀਬ 2.00 ਵਜੇ ਓਟ ਸੈਂਟਰ ਬੰਦ ਕਰਕੇ ਤਾਲਾ ਲਗਾ ਕੇ ਘਰਾਂ ਨੂੰ ਚਲੇ ਗਏ ਸੀ ਜਦ ਅਗਲੇ ਦਿਨ ਸਵੇਰੇ 8.00 ਵਜੇ ਡਿਊਟੀ ਤੇ ਆਏ ਤਾਂ ਦੇਖਿਆ ਕਿ ਦਰਵਾਜ਼ੇ ਦਾ ਕੁੰਡਾ ਟੁੱਟਾ ਹੋਇਆ ਸੀ ਅਤੇ ਅੰਦਰ ਰੱਖੀ ਅਲਮਾਰੀ ਦਾ ਤਾਲਾ ਤੋੜ ਕੇ ਅਲਮਾਰੀ ਵਿੱਚੋਂ 4081 ਗੋਲੀਆਂ ਮਾਰਕਾ ਬਿਊਪ੍ਰੇਨੋਰਫਾਈਨ ਚੋਰੀ ਕਰ ਲਈਆਂ ਹਨ। ਇਸ ਸਬੰਧੀ ਦੀਨਾਨਗਰ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਥਾਣਾ ਮੁਖੀ ਦੀਨਾਨਗਰ ਸਾਹਿਲ ਪਠਾਣੀਆ ਨੂੰ ਵਾਰ-ਵਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਉਧਰ ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਉੱਚ ਅਧਿਕਾਰੀਆਂ ਕੋਲ ਮੰਗ ਕੀਤੀ ਹੈ ਕਿ ਦੀਨਾਨਗਰ ਇਲਾਕੇ ਅੰਦਰ ਹੋ ਰਹੀ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਸ ਦੀ ਗਸਤ ਤੇਜ਼ ਕੀਤੀ ਜਾਵੇ ਤਾਂ ਕਿ ਲੋਕਾਂ ਵਿਚ ਜੋ ਚੋਰਾਂ ਦੀ ਦਹਿਸ਼ਤ ਵੇਖੀ ਜਾ ਰਹੀ ਹੈ ਉਸ ਤੋ ਕੁਝ ਹੱਦ ਤੱਕ ਰਹਿਤ ਮਿਲ ਸਕੇ।